ਸਕੂਲ ਨੂੰ ਜਿੰਦਰਾ ਲਾ ਕੇ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ
Monday, Nov 05, 2018 - 03:39 AM (IST)

ਮੋਗਾ, (ਬਿੰਦਾ)- ਪੰਜਾਬ ਸਰਕਾਰ ਵੱਲੋਂ ਅਧਿਆਪਕ ਜਥੇਬੰਦੀਆਂ ਦੇ ਸੰਘਰਸ਼ ਨੂੰ ਦਬਾਉਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਘੱਲ ਕਲਾਂ ਵਿਖੇ ਤਾਇਨਾਤ ਮੈਥ ਲੈਕਚਰਾਰ ਕੇਵਲ ਸਿੰਘ ਦੀ ਕੀਤੀ ਗਈ ਜਬਰੀ ਬਦਲੀ ਨੂੰ ਰੱਦ ਕਰਵਾਉਣ ਸਬੰਧੀ ਸਕੂਲੀ ਵਿਦਿਆਰਥੀਆਂ, ਕਿਸਾਨ ਯੂਨੀਅਨ, ਮਾਪਿਆਂ, ਐੱਸ. ਐੱਮ. ਸੀ. ਕਮੇਟੀ ਅਤੇ ਪਿੰਡ ਦੀਆਂ ਦੋਵਾਂ ਪੰਚਾਇਤਾਂ ਦੇ ਮੈਂਬਰਾਂ ਵੱਲੋਂ ਸਾਂਝੇ ਤੌਰ ’ਤੇ ਸਕੂਲ ਦੇ ਗੇਟ ਨੂੰ ਜਿੰਦਰਾ ਲਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਮਨਜੀਤ ਸਿੰਘ ਪੰਚ, ਸੁਰਿੰਦਰ ਸਿੰਘ, ਟਹਿਲ ਸਿੰਘ, ਪ੍ਰਦੀਪ ਸਿੰਘ, ਭਜਨ ਸਿੰਘ ਸਰਪੰਚ ਮੋਠਾਂ ਵਾਲੀ, ਬਲਦੇਵ ਸਿੰਘ, ਲਖਵੀਰ ਸਿੰਘ, ਦਰਸ਼ਨ ਸਿੰਘ, ਰਣਧੀਰ ਸਿੰਘ, ਰਾਜਦੀਪ ਸਿੰਘ ਆਦਿ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ’ਚ ਚੱਲ ਰਹੇ ਪ੍ਰਾਈਵੇਟ ਸਕੂਲਾਂ ਨੂੰ ਫਾਇਦਾ ਦੇਣ ਦੀ ਨੀਤੀ ਤਹਿਤ ਪੰਜਾਬ ਸਰਕਾਰ ਅਜਿਹੇ ਫ਼ੈਸਲੇ ਲਾਗੂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕ ਕੇਵਲ ਸਿੰਘ ਪਿਛਲੇ ਲੰਮੇ ਸਮੇਂ ਤੋਂ ਘੱਲਕਲਾਂ ’ਚ ਮੈਥ ਮਾਸਟਰ ਵਜੋਂ ਸੇਵਾ ਨਿਭਾਅ ਰਹੇ ਹਨ ਤੇ ਹੁਣ ਅਚਾਨਕ ਉਨ੍ਹਾਂ ਦੀ ਬਦਲੀ ਕਰਨ ਨਾਲ ਸਕੂਲੀ ਬੱਚਿਆਂ ਦਾ ਕਾਫੀ ਨੁਕਸਾਨ ਹੋਵੇਗਾ। ਉਨ੍ਹਾਂ ਕੇਵਲ ਸਿੰਘ ਦੀ ਬਦਲੀ ਰੱਦ ਨਾ ਕਰਨ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਇਸ ਸਮੇਂ ਹਰਪ੍ਰੀਤ ਕੌਰ, ਰਣਜੀਤ ਕੌਰ, ਕੁਲਵਿੰਦਰ ਕੌਰ, ਵੀਰਪਾਲ ਕੌਰ, ਸਰਪੰਚ ਸਰਬਜੀਤ ਸਿੰਘ, ਜਗਸੀਰ ਸਿੰਘ, ਹਰਜਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।