ਅਧਿਆਪਕਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ
Monday, Jan 14, 2019 - 02:35 AM (IST)

ਸੰਗਰੂਰ, (ਬੇਦੀ, ਜਨੂਹਾ, ਯਾਦਵਿੰਦਰ, ਹਰਜਿੰਦਰ)- ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਮੰਤਰੀ ’ਤੇ ਪਟਿਆਲਾ ਸ਼ਹਿਰ ’ਚ ਅਧਿਆਪਕਾਂ ਦੇ ਪੱਕੇ ਧਰਨੇ ਦੇ 56ਵੇਂ ਦਿਨ ਕੀਤੇ ਸਾਰੇ ਐਲਾਨਾਂ ਤੋਂ ਪਿੱਛੇ ਹਟਦਿਆਂ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾਉਣ ਅਤੇ ਵਾਅਦਾ ਖਿਲਾਫੀ ਕਰਨ ਦਾ ਦੋਸ਼ ਲਾਇਆ ਹੈ। ਸਵਾ ਮਹੀਨਾ ਬੀਤਣ ਦੇ ਬਾਵਜੂਦ ਜਨਤਕ ਰੂਪ ’ਚ ਕੀਤੇ ਐਲਾਨਾਂ ਨੂੰ ਪੂਰਾ ਨਾ ਕਰ ਕੇ ਅਤੇ ਐੱਸ. ਐੱਸ. ਏ. ਰਮਸਾ ਅਧਿਆਪਕਾਂ ਦੀ ਤਨਖਾਹ ਕਟੌਤੀ ਨੂੰ ਜਬਰੀ ਲਾਗੂ ਕਰਵਾਉਣ ਲਈ ਆਨਲਾਈਨ ਪੋਰਟਲ ਫਿਰ ਤੋਂ ਖੋਲ੍ਹਣ ਦੇ ਰੋਸ ਵਜੋਂ ਸੰਗਰੂਰ ਜ਼ਿਲੇ ਦੇ ਅਧਿਆਪਕਾਂ ਨੇ ਮੋਰਚੇ ਦੇ ਕੁਲਦੀਪ ਸਿੰਘ, ਦੇਵੀ ਦਿਆਲ, ਜਰਨੈਲ ਸਿੰਘ ਮਿੱਠੇਵਾਲ ਅਤੇ ਨਿਰਭੈ ਸਿੰਘ ਦੀ ਅਗਵਾਈ ’ਚ ਕੈਬਿਨਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਿਹਾਇਸ਼ ਅੱਗੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਪੁਤਲਾ ਸਾਡ਼ਿਆ।
ਅਧਿਆਪਕ ਆਗੂਆਂ ਸੁਖਦੇਵ ਸ਼ਰਮਾ, ਕਰਮਜੀਤ 5178 , ਹਰਪ੍ਰੀਤ ਸਿੰਘ ਅਤੇ ਜਸਵਿੰਦਰ ਧੀਮਾਨ ਨੇ ਦੱਸਿਆ ਕਿ ਮੁਲਾਜ਼ਮਾਂ, ਕਿਸਾਨਾਂ ਅਤੇ ਹੋਰਨਾਂ ਜਨਤਕ ਜਥੇਬੰਦੀਆਂ ਨੂੰ ਨਾਲ ਲੈਂਦਿਆਂ 3 ਫਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ’ਚ ਵਿਸ਼ਾਲ ਸੂਬਾਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਪਟਿਆਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ 7 ਮਹੀਨਿਆਂ ਦੀ ਰੁਕੀਆਂ ਆਪਣੀਆਂ ਤਨਖਾਹਾਂ ਨੂੰ ਅੱਜ ਲੋਹਡ਼ੀ ਦੇ ਰੂਪ ’ਚ ਮੰਗੇ ਜਾਣ ਦਾ ਐਲਾਨ ਵੀ ਕੀਤਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਸਕੱਤਰ ਸਰੂਪ ਚੰਦ ਅਤੇ ਨਾਨਕ ਸਿੰਘ ਥਲੇਸਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿੱਦਿਆ ਦਾ ਚਾਨਣ ਵੰਡ ਰਹੇ ਹਜ਼ਾਰਾਂ ਐੱਸ. ਐੱਸ. ਏ., ਰਮਸਾ, ਆਦਰਸ਼, ਮਾਡਲ ਸਕੂਲ ਅਧਿਆਪਕਾਂ, 5178 ਮਾਸਟਰ ਕਾਡਰ ਅਧਿਆਪਕਾਂ, ਈ. ਜੀ. ਐੱਸ., ਐੱਸ. ਟੀ. ਆਰ., ਏ. ਆਈ. ਈ., ਆਈ. ਈ. ਵੀ. ਅਧਿਆਪਕਾਂ, ਸਿੱਖਿਆ ਪ੍ਰੋਵਾਈਡਰਾਂ, ਕੰਪਿਊਟਰ ਅਧਿਆਪਕਾਂ, ਆਈ. ਈ.ਆਰ.ਟੀ ਸਮੇਤ ਸਾਰੇ ਕੱਚੇ ਅਧਿਆਪਕਾਂ ਦਾ ਆਪਣਾ ਭਵਿੱਖ ਹਨੇਰ ਵੱਲ ਧੱਕਣ ਕਾਰਨ ਅਤੇ ਸਿੱਖਿਆ ਮੰਤਰੀ ਵੱਲੋਂ ਜਨਤਕ ਐਲਾਨਾਂ ਨੂੰ ਪੂਰਾ ਨਾ ਕਰਨ ਕਰਕੇ ਸਾਂਝੇ ਅਧਿਆਪਕ ਮੋਰਚੇ ਵੱਲੋਂ ਮੁਡ਼ ਤੋਂ ਵਿਆਪਕ ਰੂਪ ’ਚ ਸੰਘਰਸ਼ ਵਿੱਢਣ ’ਤੇ ਲੋਕਾਂ ਦੀ ਕਚਹਿਰੀ ’ਚ ਸਰਕਾਰੀ ਧੱਕੇਸ਼ਾਹੀ ਨੂੰ ਲਿਜਾਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਲਾਜ਼ਮੀ ਤੌਰ ’ਤੇ ਪੰਜਾਬ ਸਰਕਾਰ ਨੂੰ ਆਗਾਮੀ ਲੋਕ ਸਭਾ ਚੋਣਾਂ ’ਚ ਅਧਿਆਪਕ ਵਰਗ ਦੇ ਤਿੱਖੇ ਵਿਰੋਧ ਦੀ ਸਿਆਸੀ ਕੀਮਤ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਬਰਨਾਲਾ, (ਵਿਵੇਕ ਸਿੰਧਵਾਨੀ)-ਜਿੱਥੇ ਅੱਜ ਸਾਰਾ ਦੇਸ਼ ਲੋਹਡ਼ੀ ਤੇ ਮਾਘੀ ਦੇ ਪਵਿੱਤਰ ਦਿਹਾਡ਼ੇ ਦੀਆਂ ਖੁਸ਼ੀਆਂ ਮਨਾ ਰਿਹਾ ਹੈ, ਉੱਥੇ ਹੀ ਪੰਜਾਬ ਦੇ ਐੱਸ. ਐੱਸ. ਏ./ਰਮਸਾ ਅਧਿਆਪਕਾਂ ਨਾਲ ਪੰਜਾਬ ਸਰਕਾਰ ਇੰਨਾ ਜਬਰ ਕਰ ਰਹੀ ਹੈ ਕਿ ਅਧਿਆਪਕਾਂ ਦੀਆਂ ਪਿਛਲੇ ਦਸ ਸਾਲਾਂ ਦੀਆਂ ਸੇਵਾਵਾਂ ਖੂਹ-ਖਾਤੇ ’ਚ ਪਾ ਕੇ ਅਧਿਆਪਕਾਂ ਨੂੰ ਵਿਭਾਗ ’ਚ ਰੈਗੂਲਰ ਕਰਨ ਦੀ ਆਡ਼ ’ਚ ਮੌਜੂਦਾ ਤਨਖਾਹਾਂ ’ਤੇ 75% ਕੱਟ ਲਾ ਕੇ 15,300 ਤਨਖਾਹ ਲੈਣ ਲਈ ਮਜਬੂਰ ਕਰ ਰਹੀ ਹੈ, ਜਿਸ ਤਹਿਤ ਅਧਿਆਪਕਾਂ ਦੀਆਂ ਜਿੱਥੇ ਵੱਡੇ ਪੱਧਰ ’ਤੇ ਵਿਕਟੇਮਾਈਜ਼ੇਸ਼ਨਾਂ ਕੀਤੀਆਂ ਹਨ ਉੱਥੇ ਪਿਛਲੇ ਅੱਠ ਮਹੀਨਿਆਂ ਤੋਂ ਤਨਖਾਹਾਂ ਵੀ ਜਾਰੀ ਨਹੀਂ ਕੀਤੀਆਂ, ਜਿਸ ਕਰਕੇ ਅਧਿਆਪਕਾਂ ਦੇ ਜਿੱਥੇ ਪਹਿਲਾਂ ਦੁਸਹਿਰਾ, ਦੀਵਾਲੀ, ਨਵਾਂ ਸਾਲ ਸੁੱਕੇ ਲੰਘੇ ਹਨ, ਉੱਥੇ ਲੋਹਡ਼ੀ ਤੇ ਮਾਘੀ ਦੇ ਤਿਉਹਾਰ ’ਤੇ ਵੀ ਅਧਿਆਪਕਾਂ ਦੇ ਹੱਥ ਖਾਲੀ ਹਨ, ਜਿਸ ਦੇ ਰੋਸ ਵਜੋਂ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਅਤੇ ਕਿਸਾਨਾਂ, ਮੁਲਾਜ਼ਮਾਂ ਦੇ ਸਹਿਯੋਗ ਨਾਲ ਅਧਿਆਪਕਾਂ ਨੇ ਸਥਾਨਕ ਚਿੰਟੂ ਪਾਰਕ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਪਿੱਟ-ਸਿਆਪਾ ਕਰ ਕੇ ਸਿੱਖਿਆ ਮੰਤਰੀ ਦੀ ਅਰਥੀ ਨੂੰ ਸਾੜਿਆ।
ਇਸ ਮੌਕੇ ਸਾਂਝਾ ਅਧਿਆਪਕ ਮੋਰਚੇ ਦੇ ਜ਼ਿਲਾ ਆਗੂ ਗੁਰਮੀਤ ਸੁਖਪੁਰ, ਨਿਰਮਲ ਚੁਹਾਣਕੇ, ਸੁਰਿੰਦਰ ਕੁਮਾਰ, ਸਿਕੰਦਰ ਸਿੰਘ, ਕੁਲਵਿੰਦਰ ਰਾਮਗਡ਼੍ਹ ਨੇ ਕਿਹਾ ਕਿ 56 ਦਿਨਾਂ ਦੇ ਪਟਿਆਲਾ ਵਿਖੇ ਸਾਂਝੇ ਅਧਿਆਪਕ ਮੋਰਚੇ ਦੇ ਧਰਨੇ ’ਚ ਆ ਕੇ ਅਧਿਆਪਕਾਂ ਦੀਆਂ ਕੀਤੀਆਂ ਵਿਕਟੇਮਾਈਜ਼ੇਸ਼ਨਾਂ ਤੁਰੰਤ ਰੱਦ ਕਰਨ ਅਤੇ 5178 ਅਧਿਆਪਕਾਂ ਨੂੰ 1 ਜਨਵਰੀ 2019 ਤੋਂ ਪੂਰੀ ਤਨਖਾਹ ’ਤੇ ਰੈਗੂਲਰ ਕਰਨ ਅਤੇ 8886 ਐੱਸ. ਐੱਸ. ਏ/ਰਮਸਾ ਅਧਿਆਪਕ ਅਾਦਰਸ਼ ਤੇ ਮਾਡਲ ਸਕੂਲਾਂ ’ਚ ਕੰਮ ਕਰਦੇ ਅਧਿਆਪਕਾਂ ਦੀਆਂ ਤਨਖਾਹਾਂ ’ਤੇ ਕੀਤੀ ਕਟੌਤੀ ਦਾ ਮਾਮਲਾ ਮੁਡ਼ ਵਿਚਾਰਨ ਲਈ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾ ਕੇ ਹੱਲ ਕਰਵਾਉਣ ਦਾ ਭਰਵੇਂ ਇਕੱਠ ਅਤੇ ਮੀਡੀਆ ਸਾਹਮਣੇ ਕੀਤਾ ਐਲਾਨ ਅਜੇ ਤੱਕ ਵਫ਼ਾ ਨਹੀਂ ਹੋਇਆ, ਉਲਟਾ ਸਰਕਾਰ ਤਨਖਾਹ ਕਟੌਤੀ ਦਾ ਫੈਸਲਾ ਥੋਪਣ ਲਈ ਵਾਰ-ਵਾਰ ਕਲਿੱਕ ਦੀ ਆਪਸ਼ਨ ਖੋਲ੍ਹ ਕੇ ਆਪਣੇ ਸਿੱਖਿਆ ਤੇ ਅਧਿਆਪਕ ਮਾਰੂ ਉਜਾਡ਼ੂ ਮਨਸੂਬੇ ਨੂੰ ਪੂਰਾ ਕਰਨ ’ਤੇ ਲੱਗੀ ਹੋਈ ਹੈ, ਜਿਸ ਨੂੰ ਲੈ ਕੇ ਮੋਰਚੇ ਵੱਲੋਂ ਮੁਡ਼ ਸੰਘਰਸ਼ ਦੀ ਸ਼ੁਰੂਆਤ ਕਰਦਿਆਂ ਜਿੱਥੇ ਅੱਜ ਜ਼ਿਲਾ ਹੈੱਡਕੁਆਰਟਰਾਂ ’ਤੇ ਲੋਹਡ਼ੀ ਦੇ ਤਿਉਹਾਰ ’ਤੇ ਜਿੱਥੇ ਲੋਕ ਖੁਸ਼ੀ ’ਚ ਲੋਹਡ਼ੀ ਬਾਲਦੇ ਹਨ, ਉਥੇ ਸਿੱਖਿਆ ਮੰਤਰੀ ਦੀ ਅਰਥੀ ਨੂੰ ਬਾਲ ਕੇ ਸ਼ੁਰੂਆਤ ਕੀਤੀ ਗਈ ਅਤੇ 3 ਫਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ ਸੂਬਾ ਪੱਧਰੀ ਰੈਲੀ ਕਰ ਕੇ ਕਾਂਗਰਸ ਸਰਕਾਰ ਨੂੰ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਮਜਬੂਰ ਕੀਤਾ ਜਾਵੇਗਾ ਅਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਨੂੰ ਹੋਰ ਭਖਾਇਆ ਜਾਵੇਗਾ।ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਦੇਵ ਸਿੰਘ ਮਾਂਗੇਵਾਲ ਬੀ. ਕੇ. ਯੂ. ਏਕਤਾ ਡਕੌਂਦਾ, ਸਾਹਿਬ ਸਿੰਘ ਬਡਬਰ, ਜਰਨੈਲ ਸਿੰਘ ਬਦਰਾ ਬੀ. ਕੇ. ਯੂ. ਉਗਰਾਹਾਂ, ਬਲਵੰਤ ਉੱਪਲੀ ਜਮਹੂਰੀ ਅਧਿਕਾਰ ਸਭਾ, ਰਾਜੀਵ ਕੁਮਾਰ, ਹਰਿੰਦਰ ਮੱਲ੍ਹੀਆਂ, ਰਾਜਿੰਦਰ ਮੂਲੋਵਾਲ, ਬਲਦੇਵ ਧੌਲਾ, ਕਮਲਦੀਪ, ਅੰਮ੍ਰਿਤ ਹਰੀਗਡ਼੍ਹ, ਲਾਭ ਅਕਲੀਆਂ, ਸੋਹਣ ਸਿੰਘ, ਰਮਨਦੀਪ, ਬਲਜਿੰਦਰ ਪ੍ਰਭੂ,ਅਸ਼ੋਕ ਕੁਮਾਰ, ਸੁਰਿੰਦਰ ਤਪਾ ,ਬਿਕਰਮਜੀਤ ਖੁੱਡੀ, ਜਗਜੀਤ ਠੀਕਰੀਵਾਲਾ, ਰਾਮੇਸ਼ਵਰ, ਮੈਡਮ ਸਿਮਰਜੀਤ ਕੌਰ, ਅਮਨਦੀਪ ਕੌਰ, ਰਾਜਵਿੰਦਰ ਕੌਰ, ਰਜਨੀ, ਅਸ਼ੋਕ ਬਾਲਾ ਆਦਿ ਵੱਡੀ ਗਿਣਤੀ ’ਚ ਅਧਿਆਪਕ ਤੇ ਕਿਸਾਨ ਹਾਜ਼ਰ ਸਨ।