ਸਿੰਘ ਨਾਲੇ ’ਚ ਰਸਾਇਣ ਘੁਲਣ ਦਾ ਮਾਮਲਾ : ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਪੰਚਕੂਲਾ ਦੀ ਫੈਕਟਰੀ ਦੀ ਕੀਤੀ ਸ਼ਨਾਖ਼ਤ

08/06/2021 7:48:21 PM

ਐੱਸ. ਏ. ਐੱਸ. ਨਗਰ (ਬਿਊਰੋ)-ਜ਼ੀਰਕਪੁਰ ਦੇ ਢਕੋਲੀ ਖੇਤਰ ’ਚੋਂ ਲੰਘਦੇ ਸਿੰਘ ਨਾਲੇ ਦੇ ਪਾਣੀ ’ਚ ਰਸਾਇਣ ਘੁਲਣ ਦੇ ਮਾਮਲੇ, ਜਿਸ ਕਾਰਨ ਨਾਲੇ ਦਾ ਪਾਣੀ ਲਾਲ ਹੋ ਗਿਆ ਸੀ, ’ਚ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਪੰਚਕੂਲਾ ਦੀ ਇੱਕ ਸਨਅਤੀ ਇਕਾਈ ਦੀ ਸ਼ਨਾਖ਼ਤ ਕੀਤੀ ਹੈ, ਜਿਸ ਨੇ ਰਸਾਇਣ ਨਾਲੇ ’ਚ ਛੱਡਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੰਜੀਨੀਅਰ ਰਣਤੇਜ ਸ਼ਰਮਾ ਦੀ ਅਗਵਾਈ ਤੇ ਐਕਸੀਅਨ ਲਵਲੀਨ ਦੂਬੇ ਦੀ ਸੁਪਰਵਿਜ਼ਨ ’ਚ ਟੀਮ ਨੇ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਤਾਲਮੇਲ ਕਰ ਕੇ ਮਾਮਲੇ ਦੀ ਜਾਂਚ ਕੀਤੀ।

PunjabKesari

ਇਹ ਵੀ ਪੜ੍ਹੋ : ਮਹਿੰਗਾਈ ਨਾਲ ਜੂਝ ਰਹੇ ਇਸ ਦੇਸ਼ ਨੇ ਬਦਲੀ ਕਰੰਸੀ, 10 ਲੱਖ ਦਾ ਨੋਟ ਬਣਿਆ ਸਿਰਫ 1 ਰੁਪਿਆ 

ਮੁੱਢਲੀ ਜਾਂਚ ’ਚ ਇਹ ਤੱਥ ਉਜਾਗਰ ਹੋਇਆ ਸੀ ਕਿ ਇਹ ਰਸਾਇਣ ਗੁਆਂਢੀ ਸੂਬੇ ਦੀ ਸਨਅਤੀ ਇਕਾਈ ਵੱਲੋਂ ਛੱਡਿਆ ਗਿਆ ਹੈ ਤੇ ਜਾਂਚ ਦੌਰਾਨ ਇਸ ਪੱਖ ਉੱਤੇ ਮੋਹਰ ਲੱਗ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਾਂਚ ’ਚ ਸਾਹਮਣੇ ਆਇਆ ਹੈ ਕਿ ਨਾਲੇ ’ਚ ਰਸਾਇਣ ਆਉਣ ਦਾ ਮੁੱਖ ਸਰੋਤ ਪੰਚਕੂਲਾ ਦੇ ਸਨਅਤੀ ਖੇਤਰ 1 ਦੀ ਕਾਗਜ਼ ਮਿੱਲ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਦੀ ਉਲੰਘਣਾ ਹੈ ਤੇ ਮਾਮਲਾ ਹੋਰ ਸੂਬੇ ਨਾਲ ਸਬੰਧਤ ਹੋਣ ਕਰ ਕੇ ਇਹ ਕੇਸ ਵੱਖ-ਵੱਖ ਅਧਿਕਾਰਤ ਪੱਧਰਾਂ ਉੱਤੇ ਚੁੱਕਿਆ ਜਾਵੇਗਾ ਤੇ ਇਸ ਸਬੰਧੀ ਸਖ਼ਤ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਜਾ ਰਹੀ ਹੈ। ਡੀ. ਸੀ. ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਐੱਸ. ਏ. ਐੱਸ. ਨਗਰ ਦੀਆਂ ਟੀਮਾਂ ਕੱਲ੍ਹ ਤੋਂ ਹੀ ਇਸ ਸਬੰਧੀ ਜਾਂਚ ’ਚ ਲੱਗੀਆਂ ਹੋਈਆਂ ਸਨ ਤੇ ਸੈਂਪਲ ਲੈ ਕੇ ਵਿਸਥਾਰਤ ਜਾਂਚ ਲਈ ਲੈਬ ’ਚ ਵੀ ਭੇਜੇ ਗਏ ਹਨ।

PunjabKesari

ਇਸ ਸਬੰਧੀ ਮੁੱਖ ਤੌਰ ਉੱਤੇ ਕਾਰਵਾਈ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਰਨੀ ਹੈ ਕਿਉਂਕਿ ਇਸ ਸਨਅਤੀ ਇਕਾਈ ਉਸ ਬੋਰਡ ਦੇ ਅਧਿਕਾਰ ਖੇਤਰ ’ਚ ਹੈ। ਫੌਰੀ ਕਾਰਵਾਈ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਪਿੱਠ ਥਾਪੜਦਿਆਂ ਡੀ. ਸੀ. ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਜੇ. ਸੀ. ਬੀ. ਦੀ ਮਦਦ ਨਾਲ ਉਹ ਜ਼ਮੀਨਦੋਜ਼ ਪਾਈਪ ਵੀ ਬਰਾਮਦ ਕੀਤਾ ਹੈ, ਜਿਸ ਜ਼ਰੀਏ ਰਸਾਇਣ ਨੂੰ ਨਾਲੇ ’ਚ ਪਾਇਆ ਗਿਆ। ਇਸ ਬਾਬਤ ਇੰਜੀਨੀਅਰ ਰਣਤੇਜ ਸ਼ਰਮਾ ਨੇ ਦੱਸਿਆ ਕਿ ਪਾਈਪ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਾਰਵਾਈ ਲਈ ਸਿਫਾਰਿਸ਼ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ : ਤਾਲਿਬਾਨ ਨੇ ਸਰਕਾਰੀ ਮੀਡੀਆ ਵਿਭਾਗ ਦੇ ਮੁਖੀ ਦਾ ਕੀਤਾ ਕਤਲ


Manoj

Content Editor

Related News