ਸ਼ੁਭਦੀਪ ਸਿੰਘ ਬਿੱਟੂ ਨੂੰ ਥਾਪਿਆ ਨਗਰ ਪਾਲਿਕਾ ਮਲੋਟ ਦਾ ਪ੍ਰਧਾਨ, ਵੀਰ ਰਾਜਪਾਲ ਬਣੇ ਮੀਤ ਪ੍ਰਧਾਨ

04/20/2021 4:59:03 PM

ਮਲੋਟ (ਜੁਨੇਜਾ, ਕਾਠਪਾਲ, ਜੱਜ)-ਅੱਜ ਬਲੈਕ ਰੋਜ਼ ਕਲੱਬ ’ਚ ਨਗਰ ਪਾਲਿਕਾ ਮਲੋਟ ਦੇ ਪ੍ਰਧਾਨ ਦੀ ਹੋਈ ਚੋਣ ’ਚ ਨੌਜਵਾਨ ਆਗੂ ਸ਼ੁਭਦੀਪ ਸਿੰਘ ਬਿੱਟੂ ਨੂੰ ਪ੍ਰਧਾਨ, ਜਦਕਿ ਵੀਰ ਰਾਜਪਾਲ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਪਿਛਲੇ ਦੋ ਮਹੀਨਿਆਂ ਤੋਂ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਚੱਲ ਰਹੀ ਜ਼ੋਰ-ਅਜ਼ਮਾਇਸ਼ ਦਾ ਅੱਜ ਨਿਬੇੜਾ ਹੋ ਗਿਆ ਹੈ। ਇਸ ਮੌਕੇ ਪੰਜਾਬ ਦੇ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ, ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਓਮ ਪ੍ਰਕਾਸ਼ ਐੱਸ. ਡੀ. ਐੱਮ. ਦੀ ਹਾਜ਼ਰੀ ’ਚ ਨਗਰ ਪਾਲਿਕਾ ਮਲੋਟ ਦੇ ਨਵੇਂ ਚੁਣੇ ਕੌਂਸਲਰਾਂ ਦੀ ਪਹਿਲੀ ਮੀਟਿੰਗ ਹੋਈ, ਜਿਸ ਵਿਚ ਹਾਜ਼ਰ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ।

ਹਾਊਸ ’ਚ ਕਾਂਗਰਸ ਦੇ 16, ਅਕਾਲੀ ਦਲ ਦੇ 9 ਅਤੇ ਦੋ ਆਜ਼ਾਦ ਕੌਂਸਲਰਾਂ ਨੇ ਹਿੱਸਾ ਲਿਆ। ਵਾਰਡ ਨੰਬਰ 25 ਤੋਂ ਧਨਜੀਤ ਸਿੰਘ ਸਿੱਧੂ ਨੇ ਪ੍ਰਧਾਨ ਲਈ ਸ਼ੁਭਦੀਪ ਸਿੰਘ ਬਿੱਟੂ ਦਾ ਨਾਂ ਰੱਖਿਆ, ਜਿਸ ਦੀ ਰਾਜਪਾਲ ਨੇ ਤਾਈਦ ਕਰ ਦਿੱਤੀ। ਇਸ ਤਰ੍ਹਾਂ ਪੂਰਨ ਚੰਦ ਨੇ ਉਪ-ਪ੍ਰਧਾਨ ਲਈ ਵੀਰ ਰਾਜਪਾਲ ਦਾ ਨਾਂ ਰੱਖਿਆ, ਜਿਸ ਦੀ ਤਾਈਦ ਓਮ ਪ੍ਰਕਾਸ਼ ਚੀਆਂ ਨੇ ਕੀਤੀ । ਦੋਵਾਂ ਨਾਵਾਂ ’ਤੇ ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ।

ਇਹ ਵੀ ਜ਼ਿਕਰਯੋਗ ਹੈ ਕਿ ਬਿੱਟੂ ਨਾਲ ਜਿਥੇ ਕਾਂਗਰਸ ਦੇ 16 ’ਚੋਂ 12 ਕੌਂਸਲਰਾਂ ਦਾ ਸਮਰਥਨ ਸੀ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਵੀ ਇਸ ਵਿਚ ਵਿਸ਼ੇਸ਼ ਦਿਲਚਸਪੀ ਵਿਖਾਈ ਜਾ ਰਹੀ ਰਹੀ ਸੀ। ਇਸ ਮੌਕੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਰਮੇਸ਼ ਜੁਨੇਜਾ, ਪ੍ਰਮੋਦ ਮਹਾਸ਼ਾ ਚੇਅਰਮੈਨ, ਸ਼ਿਵ ਕੁਮਾਰ ਸ਼ਿਵਾ, ਪ੍ਰੇਮ ਕੁਮਾਰ ਪ੍ਰਧਾਨ ਰਾਈਸ ਸ਼ੈਲਰ, ਸੁਮੀਤ ਬਰਾੜ, ਗੁਰਬਖਸ਼ ਪੁੱਡਾ, ਬੇਅੰਤ ਸਿੰਘ ਕੁਰਾਈਵਾਲਾ ਸਮੇਤ ਪਤਵੰਤਿਆਂ ਨੇ ਸ਼ੁਭਦੀਪ ਸਿੰਘ ਬਿੱਟੂ ਨੂੰ ਹਾਰਾਂ ਨਾਲ ਲੱਦ ਦਿੱਤਾ।


Manoj

Content Editor

Related News