ਗੋਲੀ ਮਾਰਨ ਦੀ ਧਮਕੀ ਦੇ ਕੇ ਅਣਪਛਾਤੇ ਲੁਟੇਰੇ ਪਟਵਾਰੀ ਤੋਂ ਗੱਡੀ ਖੋਹ ਕੇ ਫਰਾਰ
Friday, Aug 06, 2021 - 11:41 AM (IST)
ਮੋਗਾ (ਆਜ਼ਾਦ): ਮੋਗਾ-ਲੁਧਿਆਣਾ ਜੀ. ਟੀ. ਰੋਡ ’ਤੇ ਪਿੰਡ ਖੁਖਰਾਣਾ ਦੇ ਟੋਲ ਪਲਾਜ਼ਾ ਕੋਲੋਂ 4 ਅਣਪਛਾਤੇ ਲੁਟੇਰੇ ਗੋਲੀ ਮਾਰਨ ਦੀ ਧਮਕੀ ਦੇ ਕੇ ਪਟਵਾਰੀ ਗੁਰਮੀਤ ਸਿੰਘ ਨਿਵਾਸੀ ਗੁਰੂਹਰਸਾਏ ਤੋਂ ਉਸਦੀ ਕਾਰ ਖੋਹ ਕੇ ਫਰਾਰ ਹੋ ਗਏ। ਇਸ ਸਬੰਧ ਵਿਚ ਚਾਰ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਥਾਣਾ ਸਦਰ ਮੋਗਾ ਵਿਚ ਮਾਮਲਾ ਦਰਜ ਕਰ ਕੇ ਪੁਲਸ ਨੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਰਛਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਵਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ’ਤੇ ਆਪਣੇ ਸਹੁਰੇ ਚਮਕੌਰ ਸਾਹਿਬ ਗਿਆ ਸੀ, ਜਦ ਉਹ ਬੀਤੀ 1 ਅਗਸਤ ਨੂੰ ਦੇਰ ਸ਼ਾਮ ਵਾਪਸ ਆ ਰਿਹਾ ਸੀ ਤਾਂ ਜਦੋਂ ਹੀ ਉਹ ਟੋਲ ਪਲਾਜ਼ਾ ਖੁਖਰਾਣਾ ਕੋਲ ਗੱਡੀ ਰੋਕ ਕੇ ਪੇਸ਼ਾਬ ਕਰਨ ਲਈ ਗਿਆ ਤਾਂ ਇਸ ਦੌਰਾਨ 1 ਮੋਟਰਸਾਈਕਲ ’ਤੇ ਸਵਾਰ 4 ਅਣਪਛਾਤੇ ਲੜਕੇ ਉਥੇ ਆ ਧਮਕੇ ਅਤੇ ਮੈਂਨੂੰ ਪੁੱਛਣ ਲੱਗੇ ਕਿ ਇਹ ਸੜਕ ਕਿਸ ਪਾਸੇ ਜਾਂਦੀ ਹੈ, ਜਿਸ ’ਤੇ ਮੈਂਨੂੰ ਸ਼ੰਕ ਹੋਇਆ ਅਤੇ ਮੈਂ ਜਲਦੀ ਤੋਂ ਆਪਣੀ ਕਾਰ ਵੱਲ ਗਿਆ ਤਾਂ ਇਸ ਦੌਰਾਨ ਇਕ ਮੁੰਡੇ ਨੇ ਪਿਸਤੌਲ ਕੱਢੀ ਅਤੇ ਗੋਲੀ ਮਾਰਨ ਦੀ ਧਮਕੀ ਦੇ ਕੇ ਗੱਡੀ ਦੀ ਚਾਬੀ ਦੇਣ ਲਈ ਕਿਹਾ, ਜਿਸ ’ਤੇ ਮੈਂ ਡਰ ਦੇ ਮਾਰੇ ਉਸ ਨੂੰ ਚਾਬੀ ਦੇ ਦਿੱਤੀ ਅਤੇ ਉਨ੍ਹਾਂ ਨੂੰ ਮੈਨੂੰ ਕਾਰ ਵਿਚ ਆਪਣੇ ਨਾਲ ਬਿਠਾ ਲਿਆ ਤਾਂ ਇਨ੍ਹਾਂ ਦਾ ਇਕ ਸਾਥੀ ਜੋ ਮੋਟਰਸਾਈਕਲ ’ਤੇ ਸੀ ਨਾਲ-ਨਾਲ ਚੱਲਣ ਲੱਗਾ।
ਇਸ ਦੌਰਾਨ ਉਹ ਕਾਰ ਨੂੰ ਫਿਰੋਜ਼ਪੁਰ ਵੱਲ ਲੈ ਗਏ ਅਤੇ ਉਨ੍ਹਾਂ ਉਥੋਂ ਕਾਰ ਨੂੰ ਫਿਰ ਥਾਣੇ ਦੇ ਸਾਹਮਣੇ ਤੋਂ ਘੁੰਮਾ ਕੇ ਮੋਗਾ ਵੱਲ ਆਏ ਅਤੇ ਕਦੇ ਉਹ ਮੈਂਨੂੰ ਗੋਲੀ ਮਾਰਨ ਦੀ ਧਮਕੀ ਦਿੰਦੇ ਅਤੇ ਕਦੇ ਕਹਿੰਦੇ ਉਸ ਨੂੰ ਨਹਿਰ ਵਿਚ ਸੁੱਟ ਦਿੰਦੇ ਹਨ। ਮੈਂ ਉਨ੍ਹਾਂ ਦੀ ਬਹੁਤ ਮਿੰਨਤ ਕੀਤੀ ਅਤੇ ਕਿਹਾ ਕਿ ਮੈਂ ਨੰਨ੍ਹੀ ਬੇਟੀ ਦਾ ਪਿਤਾ ਹਾਂ ਮੈਂਨੂੰ ਛੱਡ ਦਿਉ, ਆਪ ਕਾਰ ਲੈ ਜਾ ਤਾਂ ਇਸ ਦੇ ਬਾਅਦ ਉਹ ਮੈਨੂੰ ਪਿੰਡ ਠੇਠਰਕਲਾਂ ਕੋਲ ਛੱਡ ਕੇ ਗੱਡੀ ਪਿੰਡ ਵੱਲ ਲੈ ਗਏ ਅਤੇ ਮੇਰਾ ਸਾਮਾਨ ਉਥੇ ਸੁੱਟ ਦਿੱਤਾ, ਜਿਸ ’ਤੇ ਮੈਂ ਪੁਲਸ ਨੂੰ ਸੂਚਿਤ ਕੀਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਅਜੇ ਤੱਕ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।