ਰਿਸ਼ਵਤ ਮੰਗਣ ਵਾਲੇ ਐੱਸ. ਐੱਚ. ਓ. ਅਤੇ ਏ. ਐੱਸ. ਆਈ. ਖਿਲਾਫ ਮਾਮਲਾ ਦਰਜ
Monday, Aug 19, 2019 - 08:26 PM (IST)

ਜਲਾਲਾਬਾਦ (ਮਿੱਕੀ)-ਬੀਤੇ ਦਿਨੀਂ ਥਾਣਾ ਅਮੀਰ ਖਾਸ ਦੇ ਐੱਸ. ਐੱਚ. ਓ. ਅਤੇ ਏ. ਐੱਸ. ਆਈ. ਵੱਲੋਂ ਰਿਸ਼ਵਤ ਮੰਗੇ ਜਾਣ ਦੀ ਆਡੀਓ ਵਾਇਰਲ ਹੋਣ ਦੇ ਸਬੰਧ ਵਿਚ ਰਿਸ਼ਵਤਖੋਰੀ ਦੇ ਇਸ ਮਾਮਲੇ ਪ੍ਰਤੀ ਗੰਭੀਰਤਾ ਵਿਖਾਉਂਦੇ ਹੋਏ ਜ਼ਿਲਾ ਫਾਜ਼ਿਲਕਾ ਦੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਦੇ ਨਿਰਦੇਸ਼ਾਂ ਮੁਤਾਬਕ ਸਬੰਧਤ ਐੱਸ.ਐੱਚ.ਓ. ਅਤੇ ਏ. ਐੱਸ. ਆਈ. ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ 9 ਅਗਸਤ ਨੂੰ ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਅਮੀਰ ਖਾਸ ਵਿਖੇ ਕੁਝ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ਵਿਚ ਥਾਣਾ ਅਮੀਰ ਖਾਸ ਦੇ ਐੱਸ.ਐੱਚ.ਓ. ਇੰਸ. ਗੁਰਜੰਟ ਸਿੰਘ ਅਤੇ ਏ. ਐੱਸ. ਆਈ. ਓਮ ਪ੍ਰਕਾਸ਼ ਦੀ ਮੁਲਜ਼ਮ ਸ਼ਵਿੰਦਰ ਸਿੰਘ ਅਤੇ ਸੁੱਖਾ ਸਿੰਘ ਦੇ ਰਿਸ਼ਤੇਦਾਰ ਤੋਂ ਇਨ੍ਹਾਂ ਦੀ ਕੁੱਟ-ਮਾਰ ਨਾ ਕਰਨ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਉਕਤ ਮੁਕੱਦਮੇ 'ਚ ਨਾਮਜ਼ਦ ਨਾ ਕਰਨ ਦੇ ਬਦਲੇ ਵਜੋਂ ਡਰਾ-ਧਮਕਾ ਕੇ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰਨ ਸਬੰਧੀ ਆਡੀਓ ਰਿਕਾਰਡਿੰਗ ਵਾਇਰਲ ਹੋਈ ਸੀ ਅਤੇ ਉਕਤ ਆਡੀਓ ਰਿਕਾਰਡਿੰਗ ਮੇਰੇ ਧਿਆਨ ਵਿਚ ਆਉਣ 'ਤੇ ਮੇਰੇ ਵੱਲੋਂ ਉਕਤ ਮਾਮਲੇ ਦੀ ਪੜਤਾਲ ਐੱਸ.ਪੀ. (ਡੀ) ਫਾਜ਼ਿਲਕਾ ਨੂੰ ਸੌਂਪੀ ਗਈ ਸੀ।
ਪੜਤਾਲ ਦੌਰਾਨ ਉਕਤ ਦੋਵਾਂ ਪੁਲਸ ਮੁਲਾਜ਼ਮਾਂ ਵੱਲੋਂ 50 ਹਜ਼ਾਰ ਦੀ ਰਿਸ਼ਵਤ ਦੀ ਮੰਗ ਕਰਨ ਅਤੇ ਉਕਤ ਪਰਿਵਾਰਕ ਮੈਂਬਰਾਂ ਤੋਂ ਰਿਸ਼ਵਤ ਵਜੋਂ 10/10 ਹਜ਼ਾਰ ਰੁਪਏ ਪ੍ਰਾਪਤ ਕਰਨੇ ਵੀ ਪਾਏ ਗਏ। ਇਸ ਸਬੰਧ ਵਿਚ ਮੇਰੇ ਵੱਲੋਂ ਪ੍ਰਵਾਨਗੀ ਦੇਣ 'ਤੇ ਇੰਸ. ਗੁਰਜੰਟ ਸਿੰਘ ਅਤੇ ਏ. ਐੱਸ. ਆਈ. ਓਮ ਪ੍ਰਕਾਸ਼ ਖਿਲਾਫ ਮੁਕੱਦਮਾ ਥਾਣਾ ਅਮੀਰ ਖਾਸ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ਿਲਾ ਫਾਜ਼ਿਲਕਾ ਪੁਲਸ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ਵਿਚ ਚੁੱਕੇ ਗਏ ਇਸ ਸ਼ਲਾਘਾਯੋਗ ਕਦਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਕਿਹਾ ਕਿ ਜੇਕਰ ਭਵਿੱਖ 'ਚ ਕੋਈ ਵੀ ਪੁਲਸ ਮੁਲਾਜ਼ਮ ਆਪਣੀ ਡਿਊਟੀ ਵਿਚ ਲਾਪ੍ਰਵਾਹੀ ਵਰਤਦਾ ਜਾਂ ਰਿਸ਼ਵਤਖੋਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।