ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਇਤਿਹਾਸਕ ਸਾਬਤ ਹੋਵੇਗਾ: ਪ੍ਰੋ.ਚੰਦੂਮਾਜਰਾ

06/13/2021 6:53:08 PM

ਪਟਿਆਲਾ (ਬਲਜਿੰਦਰ): “ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦਾ ਆ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਹੋਇਆ ਸਮਝੌਤਾ ਇਤਿਹਾਸ ਰਚੇਗਾ। ਇਹ ਸਮਝੌਤਾ ਸਾਹਿਬ ਸ੍ਰੀ ਬਾਬੂ ਕਾਂਸੀ ਰਾਮ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਵਿਚ ਸਹਾਈ ਹੋਵੇਗਾ “ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਬਹੁਜਨ ਸਮਾਜ ਪਾਰਟੀ ਦੀ ਚੋਣਵੀਂ ਲੀਡਰਸ਼ਿਪ ਨਾਲ ਕੀਤੀ ਮੀਟਿੰਗ ਦੌਰਾਨ ਕੀਤੇ। ਉਨ੍ਹਾਂ ਕਿਹਾ ਕਿ ਇਹ ਗੱਠਜੋਡ਼ ਸੂਬੇ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰ ਕੇ ਨਵੇਂ ਕੀਰਤੀਮਾਨ ਸਥਾਪਤ ਕਰੇਗਾ। ਉਨ੍ਹਾਂ ਕਿਹਾ ਕਿ 1996 ਵਿਚ ਵੀ ਬਸਪਾ ਅਤੇ ਅਕਾਲੀ ਦਲ ਨੇ ਗੱਠਜੋਡ਼ ਤਹਿਤ ਲੋਕ ਸਭਾ ਦੀਆਂ ਚੋਣਾਂ ਲਡ਼ੀਆਂ ਸਨ ਜਿਸ ਦੌਰਾਨ 13 ਵਿਚੋਂ 11 ਸੀਟਾਂ ਉਪਰ ਜਿੱਤ ਹਾਸਲ ਕੀਤੀ ਸੀ।

ਉਨ੍ਹਾਂ ਕਿਹਾ ਕਿ ਕਾਂਗਰਸ ਜਮਾਤ ਨੇ ਹਮੇਸ਼ਾਂ ਹੀ ਵੰਡੀਆ ਪਾਉਣ ਦੀ ਰਾਜਨੀਤੀ ਕੀਤੀ ਹੈ। ਜਿਸ ਤਹਿਤ ਉਸ ਨੇ ਕਦੇ ਵੀ ਹਮਖਿਆਲੀ ਪੰਜਾਬ ਹਿਤੈਸ਼ੀ ਪਾਰਟੀਆਂ ਨੂੰ ਇੱਕਠਾ ਨਹੀਂ ਹੋਣ ਦਿੱਤਾ। ਉਨ੍ਹਾਂ ਬਸਪਾ ਸੁਪਰੀਮੋ ਭੈਣ ਮਾਇਆਵਤੀ ਅਤੇ ਸਮੁੱਚੀ ਬਸਪਾ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਸਪਾ ਵਰਕਰ ਮਿਹਨਤੀ ਅਤੇ ਸਿਰਡ਼ੀ ਹਨ, ਜੋ ਕਿ ਕਹਿਣੀ ਤੇ ਕਥਿਨੀ ਦੇ ਪੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਦਲਿਤ ਭਾਈਚਾਰੇ ਤੇ ਸਮਾਜ ਦੇ ਕੰਮਾਂ ਲਈ ਤੱਤਪਰ ਰਿਹਾ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਦਲਿਤ ਭਾਈਚਾਰੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਅੰਦਰ ਵੱਡੀ ਪੱਧਰ ਤੇ ਸਹੂਲਤਾਂ ਦਿੱਤੀਆਂ ਗਈਆਂ ਉੱਥੇ ਪਾਰਟੀ ਅਤੇ 2007 ਸਰਕਾਰ ਵਿੱਚ ਵੀ ਦਲਿਤ ਭਾਈਚਾਰੇ ਦੇ ਆਗੂਆਂ ਨੂੰ ਵੱਡੇ ਮਾਣ ਦੇਕੇ ਸਮਾਜ ਦੀ ਸੇਵਾ ਕਰਨ ਦਾ ਮੌਕਾ ਵੀ ਦਿੱਤਾ ਗਿਆ।

ਇਸ ਮੌਕੇ ਸੂਬਾ ਜਨਰਲ ਸਕੱਤਰ ਬਸਪਾ ਬਲਦੇਵ ਸਿੰਘ ਮਹਿਰਾ, ਜ਼ਿਲ੍ਹਾ ਪ੍ਰਧਾਨ ਕੇਸਰ ਸਿੰਘ ਬਖਸ਼ੀਵਾਲ਼ਾ, ਜ਼ਿਲ੍ਹਾ ਇੰਚਾਰਜ ਐਡਵੋਕੇਟ ਜਸਪਾਲ ਸਿੰਘ, ਹਲਕਾ ਇੰਚਾਰਜ ਦਰਸ਼ਨ ਸਿੰਘ ਨਡਿਆਲ਼ੀ, ਜਗਜੀਤ ਸਿੰਘ ਛਡ਼ਬਡ਼, ਬਸਪਾ ਹਲਕਾ ਪ੍ਰਧਾਨ ਬਲਕਾਰ ਹਰਪਾਲਪੁਰ, ਹਰਭਜਨ ਸਿੰਘ ਖੋਖਰ ਆਦਿ ਨੇ ਆਪਣੇ ਸੰਬੋਧਨ ਵਿਚ ਸ਼ਰੋਮਣੀ ਅਕਾਲੀ ਦਲ ਦਾ ਭਰਵਾਂ ਸਾਥ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਹ ਗਠਬਧੰਨ ਕੀਰਤੀਆਂ, ਕਾਮਿਆਂ, ਮਜ਼ਦੂਰਾਂ, ਕਿਸਾਨਾ ਅਤੇ ਦਲਿਤਾਂ ਦਾ ਗਠਬੰਧਨ ਹੈ। ਉਨ੍ਹਾਂ ਸਮੂਹ ਵਰਕਰਾਂ ਨੂੰ ਪਟਿਆਲਾ ਦੇ ਕਿੰਗਰੇ ਢਾਹੁਣ ਦਾ ਹੋਕਾ ਦਿੱਤਾ। ਇਸ ਮੌਕੇ ਅਕਾਲੀ ਦਲ ਤੇ ਬਸਪਾ ਵਰਕਰਾਂ ਨੇ ਬਹੁਜਨ ਸਮਾਜ ਪਾਰਟੀ ਤੇ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਲਗਾਏ। ਪ੍ਰੋਫੈਸਰ ਚੰਦੂਮਾਜਰਾ ਨੇ ਹਾਜਰ ਬਸਪਾ ਆਗੂਆਂ ਨੂੰ ਸਿਰੋਪੇ ਪਾ ਕੇ ਸਨਮਾਨਤ ਕੀਤਾ। ਇਸ ਮੌਕੇ ਅਕਾਲੀ ਆਗੂ ਨਰਦੇਵ ਸਿੰਘ ਆਕਡ਼ੀ, ਸਿਮਰਨਜੀਤ ਸਿੰਘ ਚੰਦੂਮਾਜਰਾ, ਭੁਪਿੰਦਰ ਸਿੰਘ ਸ਼ੇਖੁਪੁਰਾ, ਰਘਵੀਰ ਪੂਨੀਆਂ, ਕਪਤਾਨ ਸਿੰਘ, ਲਛਮਣ ਸਿੰਘ,ਅਬਰਿੰਦਰ ਸਿੰਘ ਕੰਗ ਤੋਂ ਇਲਾਵਾ ਹੋਰ ਵਰਕਰ ਮੌਜੂਦ ਸਨ।


Shyna

Content Editor

Related News