ਫਾਈਨਾਂਸ ਕੰਪਨੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ
Wednesday, Feb 13, 2019 - 05:21 PM (IST)

ਸ਼ੇਰਪੁਰ(ਸਿੰਗਲਾ)— ਸ਼ੇਰਪੁਰ ਵਿਖੇ ਬੀਤੇ ਕੱਲ ਬਾਅਦ ਦੁਪਹਿਰ ਇਕ ਨੌਜਵਾਨ ਵੱਲੋਂ ਸੰਗਰੂਰ ਦੀ ਫਾਈਨਾਂਸ ਕੰਪਨੀ ਤੋਂ ਪ੍ਰੇਸ਼ਾਨ ਹੋ ਕੇ ਘਰ 'ਚ ਫਾਹ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸ਼ੇਰਪੁਰ ਦੇ ਮੁਖੀ ਜਸਵੀਰ ਸਿੰਘ ਤੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਹਰਭਜਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪੱਤੀ ਖਲੀਲ ਸ਼ੇਰਪੁਰ ਜੋ ਪਿੰਡਾਂ 'ਚ ਕੱਪੜੇ ਦੀ ਸੇਲ ਲਾਉਣ ਦਾ ਕੰਮ ਕਰਦਾ ਸੀ, ਨੇ ਸੰਗਰੂਰ ਵਿਖੇ ਇਕ ਫਾਈਨਾਂਸ ਕੰਪਨੀ ਤੋਂ ਛੋਟਾ ਹਾਥੀ ਟੈਂਪੂ ਲੋਨ ਕਰਵਾਇਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਬਲਜਿੰਦਰ ਕੌਰ ਨੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ ਉਸ ਦਾ ਪਤੀ ਹਰਭਜਨ ਸਿੰਘ ਫਾਈਨਾਂਸ ਕੰਪਨੀ ਵਾਲਿਆਂ ਤੋਂ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਬੀਤੇ ਕੱਲ ਮ੍ਰਿਤਕ ਦੀ ਪਤਨੀ ਤੇ ਉਸ ਦਾ ਲੜਕਾ ਕਿਸੇ ਰਿਸ਼ਤੇਦਾਰੀ ਵਿਚ ਵਿਆਹ ਗਏ ਹੋਏ ਸਨ ਪਰ ਜਦੋਂ ਉਹ ਵਾਪਸ ਆਏ ਤਾਂ ਉਸ ਦੇ ਪਤੀ ਹਰਭਜਨ ਸਿੰਘ ਨੇ ਘਰ ਦੇ ਕਮਰੇ ਵਿਚ ਛੱਤ ਵਾਲੇ ਪੱਖੇ ਨਾਲ ਫਾਹ ਲੈ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਦੀ ਤਲਾਸ਼ੀ ਲੈਣ 'ਤੇ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿਚ ਉਸ ਨੇ ਸਾਫ ਲਿਖਿਆ ਹੈ ਕਿ ਉਹ ਕੰਪਨੀ ਦੇ ਮੈਨੇਜਰ ਅਤੇ ਏਜੰਟ ਤੋਂ ਤੰਗ ਹੋ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਰਿਹਾ ਹੈ। ਮ੍ਰਿਤਕ ਹਰਭਜਨ ਸਿੰਘ ਨੇ ਪੰਜਾਬੀ ਵਿਚ ਲਿਖਿਆ ਹੈ ਕਿ ਫਾਈਨਾਂਸ ਕੰਪਨੀ ਨੇ ਉਸ ਨਾਲ ਧੋਖਾ ਕੀਤਾ ਹੈ। ਥਾਣਾ ਮੁਖੀ ਤੂਰ ਨੇ ਦੱਸਿਆ ਕਿ ਏ.ਐੱਸ.ਆਈ ਪਰਮਜੀਤ ਸਿੰਘ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੰਪਨੀ ਦੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਲਾਸ਼ ਸਿਵਲ ਹਸਪਤਾਲ ਧੂਰੀ ਵਿਖੇ ਪੋਸਟਮਾਰਟਮ ਕਰਵਾਉਣ ਉਪੰਰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਹਰਭਜਨ ਸਿੰਘ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।