ਸੀਵਰੇਜ ਲਈ ਪੁੱਟੇ ਟੋਏ ਬਣੇ ਜਾਨ ਦਾ ਖੌਅ, ਸਕੂਟਰੀ ਸਮੇਤ ਚਾਲਕ ਟੋਏ ''ਚ ਡਿੱਗਾ

07/09/2020 6:13:56 PM

ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਵਿਖੇ ਬੀਤੇ ਦਿਨ ਹੋਈ ਤੇਜ਼ ਬਰਸਾਤ ਕਾਰਨ ਸ਼ਹਿਰ ਦੀ ਅਨਾਜ਼ ਮੰਡੀ ਪੂਰੀ ਤਰ੍ਹਾਂ ਜਲਥਲ ਹੋ ਕੇ ਝੀਲ ਦਾ ਰੂਪ ਧਾਰਨ ਕਰ ਗਈ। ਸ਼ਹਿਰ ਦੀ ਅਨਾਜ਼ ਮੰਡੀ ਵਿਚ ਮੰਡੀ ਬੋਰਡ ਦੇ ਵਿਭਾਗ ਵੱਲੋਂ ਨਵਾਂ ਸੀਵਰੇਜ ਪਾਉਣ ਲਈ ਥਾਂ-ਥਾਂ ਪੁੱਟੇ ਟੋਏ ਰਾਹਗੀਰਾਂ ਲਈ ਜਾਨ ਦਾ ਖੋਅ ਬਣਦੇ ਜਾ ਰਹੇ ਹਨ। ਅੱਜ ਅਨਾਜ਼ ਮੰਡੀ ਵਿਚ ਇਕ ਨੌਜਵਾਨ ਦੇ ਸਕੂਟਰੀ ਸਮੇਤ ਸੀਵਰੇਜ ਲਈ ਪੁੱਟੀ ਗਈ ਇਕ ਹੋਦੀ ਵਿਚ ਡਿੱਗ ਜਾਣ ਕਾਰਨ ਜਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।

ਅਨਾਜ਼ ਮੰਡੀ ਦੇ ਆੜਤੀਆਂ ਨੇ ਦੱਸਿਆ ਕਿ ਮੰਡੀ ਵਿਚ ਪਾਣੀ ਨਿਕਾਸੀ ਨਾ ਹੋਣ ਕਾਰਨ ਥੋੜੀ ਜਹੀ ਬਰਸਾਤ ਨਾਲ ਹੀ ਮੰਡੀ ਜਲਥਲ ਹੋ ਜਾਂਦੀ ਹੈ ਅਤੇ ਮੰਡੀ ਵਿਚ ਨਵਾ ਸੀਵਰੇਜ ਪਾਉਣ ਲਈ ਵਿਭਾਗ ਦੀ ਚਾਲ ਬਹੁਤ ਹੀ ਸੁਸਤ ਹੋਣ ਦੇ ਨਾਲ-ਨਾਲ ਬਹੁਤ ਜਿਆਦਾ ਲਾਹਪ੍ਰਵਾਹੀ ਵਰਤੀ ਜਾ ਰਹੀ ਹੈ। ਜਿਸ ਕਾਰਨ ਇਥੇ ਲਗਾਤਾਰ ਹਾਦਸੇ ਵਾਪਰ ਰਹੇ ਹਨ। ਮੰਡੀ ਪੂਰੀ ਤਰ੍ਹਾਂ ਜਲਥਲ ਹੋਣ ਕਾਰਨ ਸੀਵਰੇਜ ਦੀਆਂ ਹੌਦੀਆ ਬਣਾਉਣ ਲਈ ਪੁੱਟੇ ਗਏ ਡੂੰਘੇ ਟੋਏ ਜਿਨ੍ਹਾਂ ਦਾ ਕੰਮ ਅੱਧ ਵਿਚਕਾਰ ਪਿਆ ਹੈ ਅਤੇ ਪਾਣੀ ਵਿਚ ਨਜ਼ਰ ਨਾ ਆਉਣ ਕਾਰਨ ਇਥੇ ਲਗਾਤਾਰ ਵਾਹਨ ਚਾਲਕ ਇਨ੍ਹਾਂ ਟੌਇਆ ਵਿਚ ਡਿੱਗਣ ਕਾਰਨ ਜਿਥੇ ਜਖ਼ਮੀ ਹੋ ਰਹੇ ਹਨ ਉਥੇ ਨਾਲ ਹੀ ਵਾਹਨਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ।

ਉਨ੍ਹਾਂ ਰੋਸ ਜਾਹਿਰ ਕੀਤਾ ਕਿ ਨਾ ਹੀ ਵਿਭਾਗ ਵੱਲੋਂ ਇਨ੍ਹਾਂ ਟੋਇਆ ਨੂੰ ਢੱਕਿਆ ਗਿਆ ਹੈ ਅਤੇ ਨਾ ਹੀ ਇਨ੍ਹਾਂ ਵੱਲ ਵਾਹਨ ਚਾਲਕਾਂ ਨੂੰ ਜਾਣ ਤੋਂ ਰੋਕਣ ਲਈ ਇਨ੍ਹਾਂ ਦੇ ਨੜੇ ਰਸਤੇ ਬੰਦ ਕਰਨ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ। ਆੜਤੀਆਂ ਨੇ ਮੰਗ ਕੀਤੀ ਕਿ ਮੰਡੀ ਵਿਚ ਸੀਵਰੇਜ ਦੀ ਸੁਸਤ ਰਫ਼ਤਾਰ ਨੂੰ ਤੇਜ਼ ਕੀਤਾ ਜਾਵੇ ਅਤੇ ਇਹ ਟੋਏ ਜਲਦ ਬੰਦ ਕਰਵਾਏ ਜਾਣ ਜਾਂ ਫਿਰ ਇਨ੍ਹਾਂ ਤੱਕ ਜਾਣ ਤੋਂ ਰੋਕਣ ਲਈ ਕੋਈ ਨਿਸ਼ਾਨੀ ਜਾਂ ਬੈਰੀਗੇਡਿੰਗ ਕਰਕੇ ਰਸਤਾ ਬੰਦ ਕੀਤਾ ਜਾਵੇ।


Harinder Kaur

Content Editor

Related News