ਸੀਨੀਅਰ ਕਾਂਗਰਸੀ ਆਗੂ ’ਤੇ ਧੋਖਾਦੇਹੀ ਦਾ ਮਾਮਲਾ ਦਰਜ

Friday, Jan 07, 2022 - 02:45 PM (IST)

ਸੀਨੀਅਰ ਕਾਂਗਰਸੀ ਆਗੂ ’ਤੇ ਧੋਖਾਦੇਹੀ ਦਾ ਮਾਮਲਾ ਦਰਜ

ਸ਼ਹਿਣਾ (ਧਰਮਿੰਦਰ)- ਸੀਨੀਅਰ ਕਾਂਗਰਸੀ ਆਗੂ ’ਤੇ ਧੋਖਾਦੇਹੀ ਤਹਿਤ ਮਾਮਲਾ ਦਰਜ ਹੋਇਆ ਹੈ। ਅਮਰੀਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਸ਼ਹਿਣਾ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਉਸ ਦੀ ਮਾਤਾ ਖਿਲਾਫ ਪਿਛਲੇ ਸਾਲ 19.03.2021 ਨੂੰ ਨੰਬਰੀ ਦਰਖਾਸਤ ਜ਼ਿਲਾ ਬਰਨਾਲਾ ਦੇ ਐੱਸ.ਐੱਸ.ਪੀ. ਨੂੰ ਦਿੱਤੀ ਸੀ। ਦਰਖਾਸਤਕਰਤਾ ਅਮਰੀਕ ਸਿੰਘ ਨੇ ਸ਼ਿਕਾਇਤ ਕਰਦਿਆਂ ਕਿਹਾ ਕਿ ਪਿੰਡ ਦਾ ਕਾਂਗਰਸੀ ਆਗੂ ਅਤੇ ਉਸਦੀ ਮਾਂ ਵੱਲੋਂ ਮਾਮਲੇ ਸਬੰਧੀ ਉਨ੍ਹਾਂ ਤੋਂ 2 ਲੱਖ 18 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੂੰ ਦਿੱਤੀ ਦਰਖਾਸਤ ’ਚ ਅਮਰੀਕ ਸਿੰਘ ਨੇ ਦੱਸਿਆ ਕਿ ਉਸਦੇ ਤਿੰਨ ਲੜਕੇ ਹਨ, ਮਿਤੀ 09.01.2020 ਨੂੰ ਉਨ੍ਹਾਂ ਦੇ ਘਰ ਪਿੰਡ ਦਾ ਬੇਅੰਤ ਸਿੰਘ ਪੁੱਤਰ ਨਿਰੰਜਨ ਸਿੰਘ ਨਸ਼ੇ ਦੀ ਹਾਲਤ ’ਚ ਆ ਗਿਆ ਸੀ। ਮਕਾਨ ਦੀ ਛੱਤ ਡਿੱਗਣ ਕਾਰਨ ਉਸਦੀ ਮੌਤ ਹੋ ਗਈ।
ਇਸ ਮਾਮਲੇ ਸਬੰਧੀ ਉਨ੍ਹਾਂ ਨੇ ਪਿੰਡ ਦੀ ਸਰਪੰਚ ਮਲਕੀਤ ਕੌਰ ਅਤੇ ਉਸਦੇ ਲੜਕੇ ਸੁਖਵਿੰਦਰ ਸਿੰਘ ਕਲਕੱਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਮ੍ਰਿਤਕ ਬੇਅੰਤ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕਰਨ ਦਾ ਭਰੋਸਾ ਦੇ ਦਿੱਤਾ ਅਤੇ ਕਿਹਾ ਕਿ ਪੈਸਿਆਂ ਨਾਲ ਹੀ ਸਮਝੌਤਾ ਹੋਵੇਗਾ, ਜਿਸ ਤੋਂ ਬਾਅਦ ਡਰ ਦੇ ਕਾਰਨ ਉਨ੍ਹਾਂ ਨੇ ਸੁਖਵਿੰਦਰ ਸਿੰਘ ਕਲਕੱਤਾ ਨੂੰ ਤਿੰਨ ਵਾਰ ’ਚ 2 ਲੱਖ 18 ਹਜ਼ਾਰ ਰੁਪਏ ਦੀ ਰਕਮ ਦੇ ਦਿੱਤੀ ਪਰ ਪੈਸੇ ਦੇਣ ਦੇ ਬਾਵਜੂਦ ਵੀ ਪੁਲਸ ਥਾਣਾ ਸ਼ਹਿਣਾ ਵਿਖੇ ਬੇਅੰਤ ਸਿੰਘ ਦੀ ਮੌਤ ਮਾਮਲੇ ਸਬੰਧੀ ਉਨ੍ਹਾਂ ਦੇ ਤਿੰਨੇ ਪੁੱਤਰਾਂ ਖਿਲਾਫ 09.01.2020 ਨੂੰ ਮਾਮਲਾ ਨੰਬਰ 03 ਦਰਜ ਹੋ ਗਿਆ।
ਜਿਸ ’ਤੇ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਜਦ ਸੁਖਵਿੰਦਰ ਸਿੰਘ ਕਲਕੱਤਾ ਨੇ ਪਰਿਵਾਰ ’ਤੇ ਕੋਈ ਵੀ ਮੁਕੱਦਮਾ ਦਰਜ ਨਾ ਹੋਣ ਕਾਰਨ 2 ਲੱਖ 18 ਹਜ਼ਾਰ ਰੁਪਏ ਲਏ ਸਨ ਫਿਰ ਵੀ ਮਾਮਲਾ ਦਰਜ ਹੋ ਗਿਆ ਜਦੋਂ ਪੈਸੇ ਵਾਪਸ ਦੀ ਮੰਗ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਖਜਿੰਦਰ ਸਿੰਘ ਕਲਕੱਤਾ ਟਾਲਮਟੋਲ ਕਰਨ ਲੱਗਾ ਅਤੇ ਆਪਣੀ ਕਾਂਗਰਸ ਸਰਕਾਰ ਅਤੇ ਪਾਵਰ ਦੀ ਧਮਕੀਆਂ ਦੇਣ ਲੱਗ ਪਿਆ। ਪਰਿਵਾਰ ਦੇ ਮੈਂਬਰਾਂ ’ਤੇ ਹੋਏ ਮਾਮਲਾ ਦਰਜ ਅਤੇ ਹੱਥੀਂ ਉਧਾਰ ਲੈ ਕੇ ਦਿੱਤੇ ਪੈਸਿਆਂ ਦੀ ਮੰਗ ਨੂੰ ਲੈ ਕੇ ਉਨ੍ਹਾਂ ਐੱਸ.ਐੱਸ.ਪੀ. ਬਰਨਾਲਾ ਕੋਲ ਦਰਖਾਸਤ ਰਾਹੀਂ ਪੈਸੇ ਵਾਪਸ ਅਤੇ ਕਾਰਵਾਈ ਦੀ ਮੰਗ ਕੀਤੀ ਸੀ, ਜਿਸ ’ਤੇ ਹੁਣ ਮਾਮਲਾ ਦਰਜ ਕੀਤਾ ਗਿਆ ਹੈ। 


author

Aarti dhillon

Content Editor

Related News