SDM ਦਫਤਰ ਅਤੇ ਤਹਿਸੀਲ ਦਫਤਰ ਦੇ ਕਾਮਿਆਂ ਵੱਲੋਂ 14 ਅਗਸਤ ਤੱਕ ਕਲਮ ਛੋੜ ਹੜਤਾਲ

08/06/2020 6:31:05 PM

ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) — ਡੀ.ਸੀ. ਦਫਤਰ ਇੰਪਲਾਇਜ਼ ਯੂਨੀਅਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਪੰਨੂ ਵੱਲੋਂ ਕਲਮ ਛੋੜ ਹੜਤਾਲ ਦੇ ਦਿੱਤੇ ਗਏ ਸੱਦੇ ਦੇ ਮੱਦੇਨਜ਼ਰ ਅੱਜ ਸਥਾਨਕ ਐਸ.ਡੀ.ਐਮ ਦਫਤਰ ਤਹਿਸੀਲ ਦਫਤਰ ਮਾਲੇਰਕੋਟਲਾ ਅਤੇ ਸਬ-ਤਹਿਸੀਲ ਅਮਰਗੜ੍ਹ ਦੇ ਸਮੁੱਚੇ ਸਟਾਫ ਵੱਲੋਂ ਮੁਕੰਮਲ ਕਲਮ ਛੋੜ ਹੜਤਾਲ ਕੀਤੀ ਗਈ। ਇਸ ਸਬੰਧੀ ਅੱਜ ਡੀ.ਸੀ ਦਫ਼ਤਰ ਇੰਪਲਾਇਜ਼ ਯੂਨੀਅਨ ਦੇ ਸਬ-ਡਵੀਜ਼ਨ ਪ੍ਰਧਾਨ ਜਸਬੀਰ ਸਿੰਘ ਸੁਪਰਡੰਟ ਗ੍ਰੇਡ-2 ਦੀ ਅਗਵਾਈ ਹੇਠ ਸਮੂਹ ਕਾਮਿਆਂ ਨੇ ਵਿਕਰਮਜੀਤ ਪਾਂਥੇ ਐਸ.ਡੀ.ਐਮ ਮਾਲੇਰਕੋਟਲਾ ਨੂੰ ਇਕ ਮੰਗ ਪੱਤਰ ਵੀ ਸੋਂਪਿਆ ਅਤੇ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਸਬੰਧੀ ਵੀ ਜਾਣੂ ਕਰਵਾਇਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਸੁਪਰਡੰਟ ਗ੍ਰੇਡ-2 ਨੇ ਦੱਸਿਆ ਕਿ ਪੰਜਾਬ ਰਾਜ ਜ਼ਿਲ੍ਹਾ (ਡੀ.ਸੀ.) ਦਫਤਰ ਕਰਮਚਾਰੀ ਯੂਨੀਅਨ ਵੱਲੋਂ ਇਹ ਫੈਸਲਾ ਕੀਤਾ ਹੋਇਆ ਹੈ ਕਿ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਹਿੱਤ ਦੀਆਂ ਸਾਂਝੀਆਂ ਮੰਗਾਂ ਤੇ ਉਲੀਕੇ ਗਏ ਹਰ ਐਕਸ਼ਨ ਪ੍ਰੋਗਰਾਮ ਨੂੰ ਡੀ.ਸੀ ਦਫਤਰ ਕਾਮੇ ਸਦਰ ਦਫਤਰਾਂ, ਉਪ ਮੰਡਲ ਮੈਜਿਸਟਰੇਟ ਦਫਤਰਾਂ, ਤਹਿਸੀਲ ਅਤੇ ਸਬ ਤਹਿਸੀਲ ਦਫਤਰਾਂ 'ਚ ਇੰਨ-ਬਿੰਨ ਲਾਗੂ ਕਰਨਗੇ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਅੱਜ ਐਸ.ਡੀ.ਐਮ ਦਫਤਰ ਮਾਲੇਰਕੋਟਲਾ, ਤਹਿਸੀਲ ਦਫਤਰ ਮਾਲੇਰਕੋਟਲਾ ਅਤੇ ਸਬ ਤਹਿਸੀਲ ਅਮਰਗੜ੍ਹ ਦੇ ਸਟਾਫ ਵੱਲੋਂ ਮੁਕੰਮਲ ਕਲਮ ਛੋੜ ਹੜਤਾਲ ਕੀਤੀ ਗਈ ਹੈ। ਮੁਲਾਜ਼ਮ ਮੰਗਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ 'ਚ ਸ਼ਾਮਲ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ, ਛੇਵਾਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ, ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਨਵੀਂ ਭਰਤੀ ਪੂਰੇ ਤਨਖ਼ਾਹ ਸਕੇਲ ਤੇ ਕਰਨ ਅਤੇ ਪ੍ਰੋਬੇਸ਼ਨ ਸਮੇਂ ਦੋਰਾਨ ਵੀ ਪੂਰੀ ਤਨਖ਼ਾਹ ਦੇਣ, ਨਵੀਂ ਭਰਤੀ ਤੇ ਕੇਂਦਰ ਦਾ 7ਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨ ਦਾ ਫੈਸਲਾ ਵਾਪਸ ਲੈਣ, ਬਰਾਬਰ ਕੰਮ-ਬਰਾਬਰ ਤਨਖ਼ਾਹ ਦੇ ਸਿਧਾਂਤ ਨੂੰ ਲਾਗੂ ਕਰਨ, 200 ਰੁਪਏ ਵਿਕਾਸ ਟੈਕਸ ਅਤੇ ਮੋਬਾਇਲ ਭੱਤਾ ਘਟਾਏ ਜਾਣ ਦਾ ਫੈਸਲਾ ਵਾਪਸ ਲੈਣ, ਕੈਸ਼ਲੈਸ ਹੈਲਥ ਸਕੀਮ ਲਾਗੂ ਕਰਨ, ਕੱਚੇ/ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ, ਸਟੈਨੋ ਕਾਡਰ ਦੀਆਂ ਮੰਗਾਂ ਤੋਂ ਇਲਾਵਾ ਡੀ.ਸੀ. ਦਫਤਰ ਕਰਮਚਾਰੀਆਂ ਨੂੰ ਉਨ੍ਹਾਂ ਦੇ ਪਿਤਰੀ ਜ਼ਿਲ੍ਹਿਆਂ ਵਿਚ ਭੇਜਣ ਸਬੰਧੀ ਐਨ.ਓ.ਸੀ. ਜਾਰੀ ਕਰਨ ਸਬੰਧੀ ਮੰਗਾਂ ਪੰਜਾਬ ਸਰਕਾਰ ਪਾਸ ਲੰਮੇ ਸਮੇਂ ਤੋਂ ਲੰਬਿਤ ਚਲੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਮੰਗਾਂ ਪੰਜਾਬ ਸਰਕਾਰ ਵੱਲੋਂ ਮੰਨੇ ਜਾਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਾਰਨ ਸਮੂਹ ਮੁਲਾਜ਼ਮ ਵਰਗ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ 06 ਅਗਸਤ ਤੋਂ 14 ਅਗਸਤ ਤੱਕ ਸਮੂਹ ਕਰਮਚਾਰੀ ਕਲਮ ਛੋੜ ਹੜਤਾਲ 'ਤੇ ਰਹਿਣਗੇ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮ ਸਿੰਘ, ਮੁਹੰਮਦ ਅਸਲਮ (ਦੋਵੇਂ ਸੀਨੀਅਰ ਸਹਾਇਕ), ਲਾਲ ਦੀਨ, ਸ਼੍ਰੀਮਤੀ ਹਮੀਰ ਕੋਰ, ਰੋਹਿਤ ਸ਼ਰਮਾ, ਗੁਰਵਿੰਦਰ ਸਿੰਘ (ਸਾਰੇ ਜੂਨੀਅਰ ਸਹਾਇਕ), ਸ਼੍ਰੀਮਤੀ ਜਤਿੰਦਰ ਕੋਰ, ਕਰਮਜੀਤ ਸਿੰਘ, ਸ਼੍ਰੀ ਲੋਕੇਸ਼ ਕੁਮਾਰ, ਅੰਮ੍ਰਿਤਪਾਲ ਸਿੰਘ, ਗੁਰਵਿੰਦਰ ਸ਼ਰਮਾ, ਲਵਨੀਸ਼ ਬਾਂਸਲ, ਗਰਮੇਲ ਸਿੰਘ, ਕਰਮਜੀਤ ਸਿਘ (ਸਾਰੇ ਕਲਰਕ) ਆਦਿ ਵੀ ਮੋਜੂਦ ਸਨ।


Harinder Kaur

Content Editor

Related News