ਹੋਰ ਸੂਬਿਆਂ ਨੂੰ ਵਾਪਸ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਸਕਰੀਨਿੰਗ

Wednesday, May 06, 2020 - 09:33 PM (IST)

ਬੱਸੀ ਪਠਾਣਾਂ, (ਰਾਜਕਮਲ)— ਪੰਜਾਬ ਸਰਕਾਰ ਵਲੋਂ ਯੂ. ਪੀ., ਬਿਹਾਰ ਤੇ ਹੋਰ ਸੂਬਿਆਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਭੇਜਣ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਪਰ ਇਸ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਚੂਕ ਨਾ ਰਹੇ। ਇਸ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਸਿਵਲ ਹਸਪਤਾਲ ਬੱਸੀ ਪਠਾਣਾਂ ਦੇ ਐੱਸ. ਐੱਮ. ਓ. ਡਾ. ਨਿਰਮਲ ਕੌਰ ਦੀ ਅਗਵਾਈ ਹੇਠ ਡਾ. ਦੀਵਾਨ ਧੀਰ ਤੇ ਡਾ. ਗੁਰਮਹਿੰਦਰ ਵਲੋਂ ਹਾਈ ਸਕੂਲ (ਲੜਕੇ) ਵਿਖੇ ਇਨ੍ਹਾਂ ਮਜ਼ਦੂਰਾਂ ਦੀ ਸਕਰੀਨਿੰਗ ਕਰ ਕੇ ਸਿਹਤ ਜਾਂਚ ਕੀਤੀ ਜਾ ਰਹੀ ਹੈ। ਡਾ. ਨਿਰਮਲ ਕੌਰ ਨੇ ਕਿਹਾ ਕਿ ਕੋਰੋਨਾ ਸੰਲੂਕ੍ਰਮਣ ਨੂੰ ਫ਼ੈਲਣ ਤੋਂ ਰੋਕਣ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਘਰ ਵਾਪਸ ਭੇਜਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ।

ਉਨ੍ਹਾਂ ਕਿਹਾ ਕਿ ਵਾਪਸ ਜਾਣ ਵਾਲੇ ਮਜ਼ੂਦਰਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜ਼ਰੂਰੀ ਸਾਵਧਾਨੀਆਂ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਿਹਤ ਜਾਂਚ ਕਰ ਕੇ ਪਹਿਲ ਦੇ ਆਧਾਰ 'ਤੇ ਰਿਪੋਰਟ ਸੌਂਪੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਵਲੋਂ ਮਜ਼ਦੂਰਾਂ ਨੂੰ ਮਾਸਕ ਪਾਉਣ, ਸੈਨੇਟਾਈਜ਼ਰ ਦਾ ਇਸਤੇਮਾਲ ਕਰਨ ਅਤੇ ਵਾਪਸ ਜਾਣ ਸਮੇਂ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਣ ਬਾਰੇ ਵੀ ਕਿਹਾ ਗਿਆ। ਡਾ. ਨਿਰਮਲ ਕੌਰ ਨੇ ਕਿਹਾ ਕਿ ਇਸ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਕੰਬਾਈਨ ਦਾ ਸੀਜ਼ਨ ਲਾ ਕੇ ਵਾਪਸ ਆਏ ਲੋਕਾਂ ਨੂੰ ਵੀ 'ਇਕਾਂਤਵਾਸ' ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਕੋਰੋਨਾ ਦੀ ਲੜਾਈ 'ਚ ਜਿੱਤ ਹਾਸਲ ਕਰ ਲਈ ਜਾਵੇਗੀ। ਇਸ ਮੌਕੇ ਸਵੱਛ ਭਾਰਤ ਮਿਸ਼ਨ ਦੀ ਕੋਆਰਡੀਨੇਟਰ ਜਸਵਿੰਦਰ ਕੌਰ, ਕੌਂਸਲ ਕਰਮਚਾਰੀ ਰਣਧੀਰ ਸਿੰਘ ਧੀਰਾ ਆਦਿ ਮੌਜੂਦ ਸਨ।


KamalJeet Singh

Content Editor

Related News