ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਲਈ ਅੱਗੇ ਆਏ ਸੰਗਰੂਰ ਦੇ SSP ਸਿੱਧੂ, ਕੀਤਾ ਇਹ ਐਲਾਨ

04/02/2022 7:34:15 PM

ਸੰਗਰੂਰ (ਬੇਦੀ, ਸਿੰਗਲਾ) : ਆਈ. ਪੀ. ਐੱਸ. ਅਧਿਕਾਰੀ ਮਨਦੀਪ ਸਿੰਘ ਸਿੱਧੂ ਨੇ ਅੱਜ ਸੰਗਰੂਰ ਦੇ ਐੱਸ. ਐੱਸ. ਪੀ. ਵਜੋਂ ਅਹੁਦਾ ਸੰਭਾਲਣ ਮਗਰੋਂ ਐਲਾਨ ਕੀਤਾ ਕਿ ਉਹ ਹਰ ਮਹੀਨੇ ਦੇਸ਼ ਦੇ ਅੰਨਦਾਤਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਸਬੰਧਤ ਪਰਿਵਾਰਾਂ ਦੀਆਂ ਉਨ੍ਹਾਂ ਲੋੜਵੰਦ ਬੱਚੀਆਂ ਨੂੰ ਨਿੱਜੀ ਤੌਰ ਉੱਤੇ ਵਿੱਤੀ ਸਹਾਇਤਾ ਪ੍ਰਦਾਨ ਕਰਨਗੇ, ਜਿਹੜੀਆਂ ਬੱਚੀਆਂ ਆਪਣੇ ਪਿਤਾ ਨੂੰ ਖੁਦਕੁਸ਼ੀ ਜਿਹੇ ਮਾੜੇ ਸਮਾਜਿਕ ਵਰਤਾਰੇ ਕਾਰਨ ਗੁਆ ਚੁੱਕੀਆਂ ਹਨ। ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਖੁਦਕੁਸ਼ੀ ਕਰਨਾ ਬਹੁਤ ਮਾੜੀ ਗੱਲ ਹੈ ਅਤੇ ਇਸ ਨੂੰ ਬੜ੍ਹਾਵਾ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਖੁਦਕੁਸ਼ੀ ਕਰਨ ਵਾਲਾ ਖੁਦ ਸਮੱਸਿਆਵਾਂ ਤੋਂ ਮੁਕਤ ਹੋ ਜਾਂਦਾ ਹੈ ਪਰ ਆਪਣੇ ਪਰਿਵਾਰਾਂ ਨੂੰ, ਆਪਣੇ ਪਿਆਰਿਆਂ ਨੂੰ ਮਾੜੇ ਹਾਲਾਤ ’ਚ ਅੱਧ-ਵਿਚਾਲੇ ਛੱਡ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਤਮ-ਹੱਤਿਆ ਵਰਗੀਆਂ ਘਟਨਾਵਾਂ ਮਨੁੱਖੀ ਮਨ ਨੂੰ ਵੱਡੀ ਢਾਅ ਲਾਉਂਦੀਆਂ ਹਨ ਅਤੇ ਅਜਿਹੇ ਦੁਖਾਂਤ ਨਹੀਂ ਵਾਪਰਨੇ ਚਾਹੀਦੇ ਕਿਉਂਕਿ ਬਾਅਦ ’ਚ ਪਰਿਵਾਰਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ਉੱਤੇ ਹੋਰ ਵੀ ਦੁਖਾਂਤਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ SSP ਨਿੰਬਾਲੇ ਦੇ ਤਬਾਦਲੇ ’ਤੇ ਭਖ਼ੀ ਸਿਆਸਤ, ਕਾਂਗਰਸੀ ਵਿਧਾਇਕਾਂ ਨੇ ਚੁੱਕੇ ਸਵਾਲ

ਸਿੱਧੂ ਨੇ ਐਲਾਨ ਕਰਦਿਆਂ ਕਿਹਾ ਕਿ ਸੰਗਰੂਰ ਦੇ ਐੱਸ. ਐੱਸ. ਪੀ. ਵਜੋਂ ਮਿਲਣ ਵਾਲੀ ਪਹਿਲੀ ਤਨਖਾਹ ’ਚੋਂ ਉਹ 51 ਹਜ਼ਾਰ ਰੁਪਏ ਅਤੇ ਫਿਰ ਸੰਗਰੂਰ ਵਿਖੇ ਪੋਸਟਿੰਗ ਤੱਕ ਹਰ ਮਹੀਨੇ ਆਪਣੀ ਤਨਖਾਹ ’ਚੋਂ 21 ਹਜ਼ਾਰ ਰੁਪਏ ਉਹ ਅਜਿਹੀਆਂ ਲੋੜਵੰਦ ਬੱਚੀਆਂ ਨੂੰ ਦੇਣਗੇ, ਜੋ ਖੁਦਕੁਸ਼ੀ ਪੀੜਤ ਕਿਸਾਨ ਤੇ ਖੇਤ ਮਜ਼ਦੂਰ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਵਿੱਦਿਅਕ ਪੱਧਰ ਉੱਤੇ ਹੋਣਹਾਰ ਹੋਣ ਦੇ ਬਾਵਜੂਦ ਆਰਥਿਕ ਤੰਗੀਆਂ ਕਾਰਨ ਅੱਗੇ ਨਹੀਂ ਵਧ ਪਾ ਰਹੀਆਂ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਵੱਲੋਂ ਸੰਕੇਤਕ ਮਦਦ ਹੈ ਅਤੇ ਮਦਦ ਦੀ ਇਹ ਰਾਸ਼ੀ ਕਿਸੇ ਹੋਰ ਕੋਲੋਂ ਇਕੱਤਰ ਨਹੀਂ ਕੀਤੀ ਜਾਵੇਗੀ। ਇਸ ਮੌਕੇ ਐੱਸ. ਐੱਸ. ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਸੰਗਰੂਰ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ’ਚ ਪੂਰਾ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਪੁਲਸ ਵੱਲੋਂ ਹਰੇਕ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੰਦਿਆਂ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਲੋਕਾਂ ਨੂੰ ਵਧ-ਚੜ੍ਹ ਕੇ ਅੱਗੇ ਆਉਣ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ : ਹਰਪਾਲ ਚੀਮਾ ਵੱਲੋਂ ਦੁੱਧ ਦੀਆਂ ਖਰੀਦ ਕੀਮਤਾਂ ’ਚ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧੇ ਦਾ ਐਲਾਨ 


Manoj

Content Editor

Related News