ਸੰਗਰੂਰ: ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਿਰੁੱਧ ਲੱਗੇ 'ਗੋ ਬੈਕ' ਦੇ ਨਾਅਰੇ

02/15/2019 4:19:31 PM

ਸੰਗਰੂਰ(ਯਾਦਵਿੰਦਰ, ਕਾਂਸਲ ਵਿਕਾਸ, ਅੱਤਰੀ)— ਅੱਜ ਸੰਗਰੂਰ ਦੇ ਨੇੜਲੇ ਪਿੰਡ ਘਾਬਦਾਂ ਵਿਖੇ ਮੈਰੀਟੋਰੀਅਸ ਸਕੂਲ 'ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਕੂਲਾਂ ਦੇ ਮੁੱਖ ਅਧਿਆਪਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਆਉਣਾ ਸੀ ਪਰ ਜਿਵੇਂ ਹੀ ਅਧਿਆਪਕਾਂ ਨੂੰ ਉਨ੍ਹਾਂ ਦੇ ਮੈਰੀਟੋਰੀਅਸ ਸਕੂਲ 'ਚ ਆਉਣ ਬਾਰੇ  ਪਤਾ ਲੱਗਾ ਤਾਂ ਅਧਿਆਪਕ ਕ੍ਰਿਸ਼ਨ ਕੁਮਾਰ ਦੇ ਪਹੁੰਚਣ ਤੋਂ ਪਹਿਲਾਂ ਹੀ ਰੋਡ 'ਤੇ ਧਰਨਾ ਲਾ ਕੇ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ  ਤੇ ਕ੍ਰਿਸ਼ਨ ਕੁਮਾਰ 'ਗੋ ਬੈਕ' ਦੇ ਨਾਅਰੇ ਲਾਏ, ਜਿਸ 'ਤੇ  ਅਧਿਆਪਕਾਂ ਦੇ ਗੁੱਸੇ ਨੂੰ ਭਾਪਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ  ਉਕਤ ਸਕੂਲ 'ਚ ਰੁਕਣ  ਦੀ ਥਾਂ ਅੱਗੇ ਲੰਘ ਜਾਣਾ ਹੀ ਮੁਨਾਸਿਬ ਸਮਝਿਆ।

ਸੰਘਰਸ਼ ਦੇ ਰਾਹ ਪਏ  ਅਧਿਆਪਕਾਂ  ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸੰਗਰੂਰ ਫੇਰੀ ਸਮੇਂ ਕਾਲੀਆਂ ਝੰਡੀਆਂ ਅਤੇ ਕ੍ਰਿਸ਼ਨ ਕੁਮਾਰ 'ਗੋ ਬੈਕ' ਦੇ ਸਲੋਗਨਾਂ ਨਾਲ ਜ਼ਬਰਦਸਤ ਵਿਰੋਧ ਕੀਤਾ। ਇਸ ਮੌਕੇ ਇਕੱਤਰ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਅਵਤਾਰ ਭਲਵਾਨ, ਬਲਬੀਰ ਚੰਦ ਲੌਂਗੋਵਾਲ, ਦੇਵੀ ਦਿਆਲ, ਜੁਝਾਰ ਸਿੰਘ ਨੇ ਕਿਹਾ  ਕਿ ਕ੍ਰਿਸ਼ਨ ਕੁਮਾਰ ਅਧਿਆਪਕ ਮਸਲਿਆਂ 'ਤੇ ਲਗਾਤਾਰ ਪੰਜਾਬ ਸਰਕਾਰ ਨੂੰ ਗੁੰਮਰਾਹ ਕਰ ਰਿਹਾ ਹੈ। ਜਿਥੇ ਇਕ ਪਾਸੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਗਲਤ ਢੰਗ ਨਾਲ ਪੰਜਾਬ ਸਰਕਾਰ ਨੂੰ ਗੁੰਮਰਾਹ ਕਰ ਰਿਹਾ ਹੈ, ਉਥੇ ਹੀ ਹਾਈਕੋਰਟ ਪੰਜਾਬ-ਹਰਿਆਣਾ 'ਚ ਐੱਸ. ਐੱਸ. ਏ./ਆਰ. ਐੱਮ. ਐੱਸ. ਏ. ਅਧਿਆਪਕਾਂ ਦੀਆਂ ਤਨਖਾਹਾਂ ਦੇ ਫੰਡ ਕੇਂਦਰ ਵੱਲੋਂ ਨਾ ਆਉਣ ਅਤੇ ਕੇਂਦਰ ਵੱਲੋਂ ਅਧਿਆਪਕਾਂ ਦੀਆਂ ਤਨਖਾਹਾਂ ਘਟਾਏ ਜਾਣ ਦੇ ਝੂਠੇ ਹਲਫਨਾਮੇ ਪੇਸ਼ ਕੀਤੇ ਹਨ। ਇਨ੍ਹਾਂ ਝੂਠੇ ਹਲਫਨਾਮਿਆਂ ਕਾਰਨ ਜਿਥੇ ਇਕ ਪਾਸੇ ਪੰਜਾਬ ਸਰਕਾਰ ਦਾ ਅਕਸ ਖਰਾਬ ਹੋਇਆ ਹੈ, ਉਥੇ ਹੀ ਸਿੱਖਿਆ ਸਕੱਤਰ ਨੂੰ ਨਿੱਜੀ ਰੂਪ 'ਚ ਕੋਰਟ ਦੀ ਅਵੱਗਿਆ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਅਧਿਆਪਕ ਆਗੂ ਰਾਮ ਸਰੂਪ ਢੈਪਈ, ਦਾਤਾ ਸਿੰਘ, ਗੁਰਜੀਵਨ, ਅਮਨ ਵਸ਼ਿਸ਼ਟ, ਹਰਵਿੰਦਰ ਬਾਲਦ ਕਲਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਨਿੱਜੀ ਕੰਪਨੀਆਂ ਹੱਥ ਵੇਚਣ ਦੀਆਂ ਨੀਤੀਆਂ ਬਣਾਉਣ ਵਾਲੇ ਸਿੱਖਿਆ ਸਕੱਤਰ ਦਾ ਸਮੁੱਚੇ ਪੰਜਾਬ ਵਿਚ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਅਧਿਆਪਕ ਸਕੱਤਰ ਨੂੰ ਚਲਦਾ ਕਰ ਕੇ ਹੀ ਸਾਹ ਲੈਣਗੇ। ਇਕੱਠੇ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਆਪਣੀਆਂ ਹੱਕੀ ਮੰਗਾਂ ਲਈ ਪਟਿਆਲਾ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਅਧਿਆਪਕਾਂ 'ਤੇ ਅੰਨ੍ਹੇਵਾਹ ਲਾਠੀਚਾਰਜ ਦੀ ਜਥੇਬੰਦੀ ਪੁਰਜ਼ੋਰ ਨਿੰਦਾ ਕਰਦੀ ਹੈ। ਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਅਨੁਸਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਬਜਾਏ ਲਗਾਤਾਰ ਅਧਿਆਪਕਾਂ ਦਾ ਆਰਥਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਮੁੱਖ ਮੰਤਰੀ ਦੁਆਰਾ ਅਧਿਆਪਕਾਂ ਨਾਲ ਗੱਲਬਾਤ ਕਰਨ ਦੀ ਬਜਾਇ ਅਧਿਆਪਕਾਂ 'ਤੇ ਲਾਠੀਚਾਰਜ ਕਰਵਾ ਕੇ ਤੇ ਝੂਠੇ ਪਰਚੇ ਦਰਜ ਕਰ ਕੇ ਅਧਿਆਪਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।

ਮੀਟਿੰਗ ਖ਼ਤਮ ਹੋਣ ਤੱਕ ਡਟੇ ਰਹੇ ਪ੍ਰਦਰਸ਼ਨਕਾਰੀ ਅਧਿਆਪਕ :
ਉਕਤ ਥਾਂ ਉੱਪਰ ਧਰਨਾ ਦੇ ਰਹੇ ਪ੍ਰਦਰਸ਼ਨਕਾਰੀ ਅਧਿਆਪਕ ਸਕੂਲ ਅੰਦਰ ਚੱਲ ਰਹੀ ਪ੍ਰਿੰਸੀਪਲਾਂ ਦੀ ਮੀਟਿੰਗ ਖ਼ਤਮ ਹੋਣ ਤਕ ਡਟੇ ਰਹੇ। ਦੱਸਣਯੋਗ ਹੈ ਕਿ ਲੰਮਾ ਸਮਾਂ ਚੱਲੀ ਇਹ ਮੀਟਿੰਗ ਦੁਪਹਿਰ ਬਾਅਦ ਖ਼ਤਮ ਹੋਈ ਤੇ ਪ੍ਰਦਰਸ਼ਨਕਾਰੀ ਅਧਿਆਪਕ ਇਸ ਦੌਰਾਨ ਉਥੇ ਹੀ ਰਹੇ ਤੇ ਉਨ੍ਹਾਂ ਨੂੰ ਉਮੀਦ ਸੀ ਕਿ ਕਿਤੇ ਕ੍ਰਿਸ਼ਨ ਕੁਮਾਰ ਬਾਅਦ ਵਿਚ ਮੀਟਿੰਗ 'ਚ ਨਾ ਆ ਜਾਵੇ। ਪ੍ਰਦਸ਼ਨਕਾਰੀ ਅਧਿਆਪਕਾਂ ਨੇ ਸਖ਼ਤ ਠੰਡ ਦੇ ਬਾਵਜੂਦ ਕਈ ਘੰਟੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ ਤੇ ਇਸ ਦੌਰਾਨ ਖਾਣਾ ਵੀ ਧਰਨੇ ਵਾਲੇ ਸਥਾਨ 'ਤੇ ਖਾਧਾ।

ਜ਼ਖ਼ਮੀ ਅਧਿਆਪਕ ਨੇ ਵੀ ਕੀਤੀ ਰੋਸ ਪ੍ਰਦਰਸ਼ਨ 'ਚ ਸ਼ਮੂਲੀਅਤ :
ਪਟਿਆਲਾ ਵਿਖੇ ਕੁਝ ਦਿਨ ਪਹਿਲਾਂ ਪੁਲਸ ਦੁਆਰਾ ਕੀਤੇ ਅਧਿਆਪਕਾਂ 'ਤੇ ਲਾਠੀਚਾਰਜ ਦੌਰਾਨ  ਸੰਗਰੂਰ ਦੇ ਪਿੰਡ ਨਦਾਮਪੁਰ ਦੇ ਅਧਿਆਪਕ ਕਰਮਜੀਤ ਸਿੰਘ, ਜਿਸ ਦੇ ਸਿਰ  'ਤੇ  ਇਸ ਲਾਠੀਚਾਰਜ ਦੌਰਾਨ ਕਾਫ਼ੀ ਸੱਟਾਂ ਵੱਜੀਆਂ ਸਨ ਤੇ ਟਾਂਕੇ ਵੀ ਲੱਗੇ ਸਨ, ਉਸਨੇ ਵੀ ਜ਼ਖ਼ਮੀ ਹੋਣ ਦੇ ਬਾਵਜੂਦ ਘਰ ਆਰਾਮ ਕਰਨ ਦੀ ਬਜਾਏ ਇਸ ਰੋਸ ਪ੍ਰਦਰਸ਼ਨ 'ਚ ਸ਼ਮੂਲੀਅਤ ਕੀਤੀ। ਉਕਤ ਅਧਿਆਪਕ ਕਰਮਜੀਤ ਸਿੰਘ ਨੇ ਕਿਹਾ ਕਿ ਜਿਥੇ-ਜਿਥੇ ਵੀ ਕ੍ਰਿਸ਼ਨ ਕੁਮਾਰ ਜਾਵੇਗਾ, ਉਹ ਤੇ ਉਸ ਦੇ ਸਾਥੀ ਉੱਥੇ ਜਾ ਕੇ ਉਸਦਾ ਵਿਰੋਧ ਕਰਨਗੇ।


cherry

Content Editor

Related News