ਸੰਗਰੂਰ ’ਚ ਇਕੋ ਰਾਤ ਚੋਰਾਂ ਨੇ 5 ਦੁਕਾਨਾਂ ਦੇ ਸ਼ਟਰ ਤੋੜ ਕੀਤਾ ਹੱਥ ਸਾਫ਼

Sunday, Sep 26, 2021 - 02:14 PM (IST)

ਸੰਗਰੂਰ ’ਚ ਇਕੋ ਰਾਤ ਚੋਰਾਂ ਨੇ 5 ਦੁਕਾਨਾਂ ਦੇ ਸ਼ਟਰ ਤੋੜ ਕੀਤਾ ਹੱਥ ਸਾਫ਼

ਸੰਗਰੂਰ, (ਸਿੰਗਲਾ): ਸੰਗਰੂਰ ਸ਼ਹਿਰ ਵਿਚ ਇਕੋ ਰਾਤ ਅੰਦਰ ਪੰਜ ਦੁਕਾਨਾਂ ਦੇ ਸ਼ਟਰ ਟੁੱਟਣ ਨਾਲ ਦੁਕਾਨਦਾਰਾਂ ਦੇ ’ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸੰਗਰੂਰ ਦੇ ਸਦਰ ਬਾਜ਼ਾਰ, ਧੂਰੀ ਗੇਟ, ਨਾਭਾ ਗੇਟ ਵਿਖੇ ਕਰਿਆਨਾ ਦੀ ਦੁਕਾਨ, ਮੈਡੀਕਲ ਸਟੋਰ ਅਤੇ ਕੱਪੜੇ ਦੀਆਂ ਦੁਕਾਨਾਂ ਦੇ ਸ਼ਟਰ ਲੰਘੀ ਰਾਤ ਅਣਪਛਾਤੇ ਚੋਰਾਂ ਵੱਲੋਂ ਤੋੜ ਕੇ ਨਗਦੀ ਉਡਾਈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਸੰਗਰੂਰ ਪੁਲਸ ਨੂੰ ਦਿੱਤੇ ਬਿਆਨ ਵਿੱਚ ਸੰਜੇ ਗਰਗ ਪੁੱਤਰ ਮੇਘ ਰਾਜ ਵਾਸੀ ਕ੍ਰਿਸ਼ਨਾ ਬਸਤੀ ਪਟਿਆਲਾ ਗੇਟ ਸੰਗਰੂਰ ਨੇ ਦੱਸਿਆ ਕਿ ਉਹ ਗਰਗ ਜਰਨਲ ਸਟੋਰ ਸਦਰ ਬਾਜ਼ਾਰ ਸੰਗਰੂਰ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਉਹ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਕੇ ਚਲਾ ਗਿਆ। ਪ੍ਰੰਤੂ ਉਸ ਨੂੰ ਅੱਜ ਸਵੇਰੇ ਪੰਜ ਵਜੇ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਹੈ ਜਦੋਂ ਉਹ ਆਪਣੀ ਦੁਕਾਨ ਤੇ ਪੁੱਜਿਆ ਤਾਂ ਦੇਖਿਆ ਕਿ ਉਸ ਦੀ ਦੁਕਾਨ ਦਾ ਸਾਮਾਨ ਸਹੀ ਸਲਾਮਤ ਪਿਆ ਹੈ ਅਤੇ ਦੁਕਾਨ ਅੰਦਰ ਲਾਕਰ ਨਾਲ ਲੱਗੇ ਗੱਲੇ ਨੂੰ ਚੈੱਕ ਕੀਤਾ ਜਿਸ ਵਿੱਚੋਂ ਪੰਦਰਾਂ ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ।

ਇਸ ਤੋਂ ਇਲਾਵਾ ਕਮਲਜੀਤ ਸਿੰਘ ਪੁੱਤਰ ਮਾਲਵਿੰਦਰ ਸਿੰਘ ਸੰਗਰੂਰ ਦੇ ਕਮਲ ਮੈਡੀਕਲ ਹਾਲ ਨਾਭਾ ਗੇਟ, ਅਤੁਲ ਬਜਾਜ ਪੁੱਤਰ ਭੀਮ ਸੈਨ ਬਜਾਜ ਵਾਸੀ ਸੰਗਰੂਰ ਦਾ ਕਲਾਥ ਹਾਊਸ ਸੰਗਰੂਰ, ਗੌਰਵ ਗੋਇਲ ਪੁੱਤਰ ਦੀਪਕ ਪ੍ਰਕਾਸ਼ ਗੋਇਲ ਦਾ ਬਿੰਨੀ ਮੈਡੀਕਲ ਹਾਲ ਅਤੇ ਸੁਰੇਸ਼ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਸੰਗਰੂਰ ਦੀ ਆਰ ਕੇ ਮੈਡੀਕਲ ਹਾਲ ਦਾ ਸ਼ਟਰ ਤੋੜੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।ਇਸ ਸੰਬੰਧੀ ਥਾਣਾ ਸੰਗਰੂਰ ਸਿਟੀ ਦੇ ਏ.ਐੱਸ. ਆਈ ਗਿਆਨ ਸਿੰਘ ਨੇ ਦੱਸਿਆ ਕਿ ਸੰਜੇ ਗਰਗ ਦੇ ਬਿਆਨਾਂ ਦੇ ਆਧਾਰ ਉੱਪਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।  ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਸੰਗਰੂਰ ਵਿਖੇ ਇਸ ਤਰ੍ਹਾਂ ਦੀ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

ਇਨ੍ਹਾਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵਿਚ ਸਰਜੀਵਨ ਜਿੰਦਲ, ਪ੍ਰੇਮ ਕੁਮਾਰ ਪੰਕਜ ਗੁਪਤਾ ਅਤੇ ਹੋਰ ਆਗੂ ਥਾਣਾ ਸਿਟੀ ਸੰਗਰੂਰ ਦੇ ਐੱਸ.ਐਚ.ਓ. ਇੰਸਪੈਕਟਰ ਗੁਰਵੀਰ ਸਿੰਘ ਨੂੰ ਮਿਲੇ ਅਤੇ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਵਪਾਰੀ ਵਰਗ ਨੇ ਮੰਗ ਵੀ ਕੀਤੀ ਕਿ ਦੁਕਾਨਦਾਰਾਂ ਦੇ ਜਾਨ ਮਾਲ ਦੀ ਰਖਵਾਲੀ ਨੂੰ ਵੀ ਯਕੀਨੀ ਬਣਾਇਆ ਜਾਵੇ ਅਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇੰਸਪੈਕਟਰ ਗੁਰਵੀਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਗ੍ਰਿਫ਼ਤਾਰ ਕਰ ਲਏ ਜਾਣਗੇ।


author

Shyna

Content Editor

Related News