ਘਰ ਘਰ ਰੋਜ਼ਗਾਰ ਯੋਜਨਾ ਬਣੀ ਜ਼ਿਲੇ ਦੇ ਹੁਨਰਮੰਦਾਂ ਲਈ ਵਰਦਾਨ : ਡੀ.ਸੀ.

10/01/2019 3:31:16 PM

ਸੰਗਰੂਰ(ਵਿਵੇਕ ਸਿੰਧਵਾਨੀ) : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਸਮੂਹ ਸਬ ਡਵੀਜ਼ਨਾਂ ਵਿਚ ਆਯੋਜਿਤ ਕੀਤੇ ਗਏ ਰੋਜ਼ਗਾਰ ਮੇਲਿਆਂ ਨੂੰ ਪ੍ਰਾਰਥੀਆਂ ਤੇ ਰੋਜ਼ਗਾਰਦਾਤਾ ਕੰਪਨੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਨ੍ਹਾਂ ਮੇਲਿਆਂ ਦੌਰਾਨ ਜ਼ਿਲੇ ਦੇ ਹਜ਼ਾਰਾਂ ਯੋਗ ਪ੍ਰਾਰਥੀਆਂ ਨੂੰ ਨਾਮੀ ਕੰਪਨੀਆਂ ਵੱਲੋਂ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ। ਭਾਈ ਗੁਰਦਾਸ ਇੰਸਟੀਚਿਊਸ਼ਨ ਵਿਖੇ ਆਯੋਜਿਤ ਰੋਜ਼ਗਾਰ ਮੇਲੇ ਦੌਰਾਨ ਸੈਂਕੜੇ ਪ੍ਰਾਰਥੀਆਂ ਨੇ ਰੋਜ਼ਗਾਰ ਮੇਲੇ ਵਿਚ ਹਿੱਸਾ ਲੈ ਕੇ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਇੰਟਰਵਿਊ ਦਿੱਤੀ।

ਨੌਜਵਾਨ ਲੜਕੇ ਤੇ ਲੜਕੀਆਂ ਨੇ ਕਿਹਾ ਕਿ ਸਰਕਾਰ ਦੀ ਇਸ ਸਕੀਮ ਨੇ ਉਨ੍ਹਾਂ ਦੇ ਜੀਵਨ ਵਿਚ ਉਤਸ਼ਾਹ ਭਰ ਦਿੱਤਾ ਹੈ ਅਤੇ ਉਹ ਤੇ ਉਨ੍ਹਾਂ ਦੇ ਪਰਿਵਾਰ ਸਰਕਾਰ ਦੇ ਧੰਨਵਾਦੀ ਹਨ। ਭਾਈ ਗੁਰਦਾਸ ਇੰਸਟੀਚਿਊਟ ਵਿਖੇ ਲੱਗੇ ਰੋਜ਼ਗਾਰ ਮੇਲੇ ਦੌਰਾਨ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਮੀਦਵਾਰਾਂ ਦੇ ਨਾਲ-ਨਾਲ ਰੋਜ਼ਗਾਰਦਾਤਾ ਕੰਪਨੀਆਂ ਦੇ ਪ੍ਰਤੀਨਿਧੀਆਂ ਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 'ਘਰ ਘਰ ਰੋਜ਼ਗਾਰ ਯੋਜਨਾ' ਲੋੜਵੰਦ ਹੁਨਰਮੰਦਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ਜ਼ਿਲੇ ਦੀਆਂ 9 ਸਬ ਡਵੀਜ਼ਨਾਂ ਵਿਚ ਲੱਗੇ ਮੇਲਿਆਂ ਦੌਰਾਨ ਆਸ ਨਾਲੋਂ ਕਿਤੇ ਵੱਧ ਗਿਣਤੀ ਵਿਚ ਨੌਜਵਾਨ ਵਰਗ ਨੂੰ ਰੋਜ਼ਗਾਰ ਹਾਸਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਵਾਨੀਗੜ੍ਹ ਵਿਖੇ 573, ਧੂਰੀ ਵਿਖੇ 469, ਅਹਿਮਦਗੜ੍ਹ ਵਿਖੇ 509, ਮੂਨਕ ਵਿਖੇ 757, ਮਾਲੇਰਕੋਟਲਾ ਵਿਖੇ 723, ਸੁਨਾਮ ਵਿਖੇ 1016, ਲਹਿਰਾ ਵਿਖੇ 569 ਪ੍ਰਾਰਥੀਆਂ ਅਤੇ ਦਿੜ੍ਹਬਾ ਵਿਖੇ 1079 ਨੂੰ ਰੋਜ਼ਗਾਰ ਮਿਲਿਆ। ਰੋਜ਼ਗਾਰ ਮੇਲੇ ਦੌਰਾਨ ਥੋਰੀ ਨੇ ਕੁਝ ਚੁਣੇ ਗਏ ਲਾਭਪਾਤਰੀ ਬਿਨੈਕਾਰਾਂ ਨੂੰ ਮੌਕੇ 'ਤੇ ਹੀ ਰੋਜ਼ਗਾਰ ਸਰਟੀਫਿਕੇਟ ਵੀ ਪ੍ਰਦਾਨ ਕੀਤੇ। ਇਸ ਸਬੰਧੀ ਜ਼ਿਲਾ ਰੋਜ਼ਗਾਰ ਅਧਿਕਾਰੀ ਨੇ ਦੱਸਿਆ ਕਿ ਅੱਜ ਆਯੋਜਿਤ ਰੋਜ਼ਗਾਰ ਮੇਲੇ ਵਿਚ 1200 ਦੇ ਕਰੀਬ ਪ੍ਰਾਰਥੀਆਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਸਿੰਘ ਬੱਤਰਾ, ਐਸ.ਡੀ.ਐਮ ਅਵਿਕੇਸ਼ ਗੁਪਤਾ, ਜ਼ਿਲਾ ਰੋਜ਼ਗਾਰ ਅਫ਼ਸਰ ਗੁਰਤੇਜ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।


cherry

Content Editor

Related News