ਸੰਗਰੂਰ : ਪਟਵਾਰੀਆਂ ਨੇ ਮੰਗਾਂ ਨਾ ਮੰਨਣ ’ਤੇ ਕੀਤੀ ਹੜਤਾਲ, ਲੋਕ ਹੋਏ ਖੱਜਲ-ਖੁਆਰ

05/06/2021 1:23:15 PM

ਭਵਾਨੀਗੜ੍ਹ (ਕਾਂਸਲ)-ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਰਜਿ. ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ਕਰਦਿਆਂ 6 ਅਤੇ 7 ਮਈ ਨੂੰ ਹੜਤਾਲ ਦੇ ਰੂਪ ’ਚ ਸਮੂਹਿਕ ਛੁੱਟੀ ਉਪਰ ਜਾਣ ਦੇ ਲਏ ਫੈਸਲੇ ਤਹਿਤ ਅੱਜ ਸਥਾਨਕ ਤਹਿਸੀਲ ਦੇ ਸਾਰੇ ਪਟਵਾਰੀਆਂ ਵੱਲੋਂ ਸਮੂਹਿਕ ਛੁੱਟੀ ਉਪਰ ਜਾਣ ਕਾਰਨ ਤਹਿਸੀਲ ਕੰਪਲੈਕਸ ਵਿਖੇ ਪਟਵਾਰ ਵਰਕ ਸਟੇਸ਼ਨ ਨੂੰ ਤਾਲੇ ਲੱਗੇ ਹੋਣ ਕਾਰਨ ਮਾਲ ਵਿਭਾਗ ਦੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਤਹਿਸੀਲ ਪ੍ਰਧਾਨ ਸੁਮਨਦੀਪ ਸਿੰਘ ਭੁੱਲਰ, ਜਨਰਲ ਸਕੱਤਰ ਮੁਨੀਸ਼ ਕੁਮਾਰ ਅਤੇ ਖ਼ਜ਼ਾਨਚੀ ਮੰਗਤ ਰਾਏ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾ ਕਮੇਟੀ ਵੱਲੋਂ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਸੂਬਾ ਸਰਕਾਰ ਨੂੰ ਆਪਣੇ ਸੰਘਰਸ਼ ਸਬੰਧੀ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਪਟਵਾਰੀ ਕਾਨੂੰਨਗੋ ਅਤੇ ਮਾਲ ਵਿਭਾਗ ਦੇ ਹੋਰ ਕਰਮਚਾਰੀ 6 ਤੇ 7 ਮਈ ਨੂੰ ਸਮੂਹਿਕ ਛੁੱਟੀ ਉਪਰ ਜਾਣ ਦੇ ਨਾਲ-ਨਾਲ ਤਹਿਸੀਲ ਪੱਧਰ ਉਪਰ ਪੰਜਾਬ ਸਰਕਾਰ ਵਿਰੁੱਧ ਰੋਸ ਧਰਨਾ ਦੇਣਗੇ।

ਇਹ ਵੀ ਪੜ੍ਹੋ : ਚੋਰਾਂ ਨੇ ਕੈਮਿਸਟ ਸ਼ਾਪ ਨੂੰ ਬਣਾਇਆ ਨਿਸ਼ਾਨਾ, ਲੱਖਾਂ ਰੁਪਏ ਤੇ ਡੀ. ਵੀ. ਆਰ. ਲੈ ਕੇ ਹੋਏ ਫਰਾਰ

8 ਅਤੇ 9 ਮਈ ਨੂੰ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਤੋਂ ਬਾਅਦ ਫਿਰ 12 ਤੇ 13 ਮਈ ਨੂੰ ਜ਼ਿਲ੍ਹਾ ਪੱਧਰ ਉਪਰ ਰੋਸ ਧਰਨੇ ਦਿੱਤੇ ਜਾਣਗੇ ਅਤੇ ਜੇਕਰ ਫਿਰ ਵੀ ਸਰਕਾਰ ਦੇ ਕੰਨ ’ਤੇ ਜੂੰ ਨਾ ਸਰਕੀ ਤਾਂ 15 ਨੂੰ ਸਾਰੇ ਵਾਧੂ ਸਰਕਲਾਂ ਦਾ ਕੰਮ ਛੱਡਣ ਦਾ ਫੈਸਲਾ ਕਰਨ ਦੇ ਨਾਲ-ਨਾਲ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਤਹਿਸੀਲ ਆਗੂਆਂ ਨੇ ਦੱਸਿਆ ਕਿ ਭਵਾਨੀਗੜ੍ਹ ਬਲਾਕ ’ਚ ਪਟਵਾਰ ਦੇ ਕੁਲ 28 ਸਰਕਲ ਹਨ, ਇਥੇ ਪਟਵਾਰੀ ਦੀਆਂ ਪੋਸਟਾਂ ਸਿਰਫ 13 ਹੀ ਰਹਿ ਗਈਆਂ ਹਨ, ਜਦਕਿ 15 ਸਰਕਲਾਂ ਉਪਰ ਪਟਵਾਰੀਆਂ ਦੀਆਂ ਪੋਸਟਾਂ ਖਾਲੀ ਪਈਆਂ ਹੋਣ ਕਾਰਨ ਇਨ੍ਹਾਂ ਦਾ ਵਾਧੂ ਕੰਮ ਵੀ ਇਨ੍ਹਾਂ 13 ਪਟਵਾਰੀਆਂ ਦੇ ਸਿਰ ਮੜ੍ਹਿਆ ਹੋਇਆ ਹੈ, ਜੋ ਕਿਸ ਵੀ ਸਮੇਂ ਦਿ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਉਪਰ ਪਟਵਾਰੀਆਂ ਵੱਲੋਂ ਛੱਡਿਆ ਜਾ ਸਕਦਾ ਹੈ, ਜਿਸ ਨਾਲ ਬਲਾਕ ਦੇ 42 ਪਿੰਡਾਂ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।

ਇਹ ਪੜ੍ਹੋ : ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਲੋਕ ਪੁਲਸ ਪ੍ਰਸ਼ਾਸਨ ਨੂੰ ਦੇਣ ਸਹਿਯੋਗ : ਸੁਬੇਗ ਸਿੰਘ 

ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਟਵਾਰੀਆਂ, ਕਾਨੂੰਨਗੋਆਂ ਅਤੇ ਮਾਲ ਵਿਭਾਗ ਦੇ ਹੋਰ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ, ਨਹੀਂ ਤਾਂ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੇਮ ਕੁਮਾਰ, ਬਲਜੀਤ ਸਿੰਘ, ਰਾਜ ਕੁਮਾਰ, ਹਰਵਿੰਦਰ ਸਿੰਘ, ਭੁਪਿੰਦਰ ਕੌਰ, ਰਮਨਦੀਪ ਸਿੰਘ ਸਾਰੇ ਪਟਵਾਰੀ, ਨਿਰਮਲ ਸਿੰਘ, ਜਗਜੀਤ ਸਿੰਘ ਅਤੇ ਬਲਵਿੰਦਰ ਸਿੰਘ ਸਾਰੇ ਕਾਨੂੰਨਗੋ ਵੀ ਮੌਜੂਦ ਸਨ।
 


Manoj

Content Editor

Related News