ਜ਼ਮੀਨੀ ਝਗੜੇ ''ਚ ਭਰਾ ਨੇ ਹੀ ਭਰਾ ''ਤੇ ਚਲਾਈਆਂ ਗੋਲੀਆਂ

07/15/2019 3:01:40 PM

ਸੰਗਤ ਮੰਡੀ (ਮਨਜੀਤ) : ਬਠਿੰਡਾ-ਬਾਦਲ ਸੜਕ 'ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਜ਼ਮੀਨੀ ਝਗੜੇ 'ਚ ਸਕੇ ਭਰਾ ਵੱਲੋਂ ਦੋ ਦਰਜਨ ਦੇ ਕਰੀਬ ਵਿਅਕਤੀਆਂ ਨਾਲ ਮਿਲ ਕੇ ਝੋਨੇ ਦਾ ਕੱਦੂ ਕਰ ਰਹੇ ਦੂਸਰੇ ਭਰਾ 'ਤੇ ਗੋਲੀਆਂ ਚਲਾ ਦਿੱਤੀਆਂ, ਬੇਸ਼ੱਕ ਉਕਤ ਵਿਅਕਤੀ ਗੋਲੀਆਂ ਤੋਂ ਤਾਂ ਬਚ ਗਿਆ ਪਰ ਉਸ ਨੂੰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ।

ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਗਮਦੂਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭੁਪਿੰਦਰ ਸਿੰਘ ਉਰਫ਼ ਜਸਵਿੰਦਰ ਸਿੰਘ ਉਰਫ ਲੱਡੂਆ ਪੁੱਤਰ ਅਜੈਬ ਸਿੰਘ ਨੇ ਆਪਣੇ ਸਕੇ ਭਰਾ ਕੁਲਵਿੰਦਰ ਸਿੰਘ 'ਤੇ ਭੁਪਿੰਦਰ ਸਿੰਘ ਉਰਫ ਪਿੰਦਾ ਪੁੱਤਰਾਨ ਅਜੈਬ ਸਿੰਘ, ਡੁੰਘਰ ਸਿੰਘ ਵਾਸੀ ਜੰਡਵਾਲਾ, ਨਾਜਮ ਸਿੰਘ, ਕਾਕਾ ਸਿੰਘ ਪੁੱਤਰ ਟੱਲੀ ਸਿੰਘ ਵਾਸੀ ਕਾਲਝਰਾਣੀ ਅਤੇ 25 ਦੇ ਕਰੀਬ ਨਾਮੂਲਮ ਵਿਅਕਤੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਘਰ ਦੀ ਵੰਡ ਸਮੇਂ 9 ਲੱਖ ਰੁਪਏ ਦੀ ਜ਼ਮੀਨ ਅਤੇ ਇਕ ਪੈਟਰੋਲ ਪੰਪ ਇਸ ਸ਼ਰਤ 'ਤੇ ਰੱਖਿਆ ਸੀ ਕਿ ਉਹ 9 ਲੱਖ ਰੁਪਏ ਉਸ ਨੂੰ ਵਾਪਸ ਦੇ ਦੇਵੇਗਾ 'ਤੇ ਆਪਣੀ ਜ਼ਮੀਨ ਰੱਖ ਲਵੇਗਾ ਪਰ ਉਹ ਹੁਣ ਆਪਣੀ ਜ਼ਮੀਨ ਛੁਡਵਾਉਣ ਤੋਂ ਮੁਕਰ ਗਏ ਸਨ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਖ਼ੇਤ 'ਚ ਝੋਨਾ ਲਾਉਣ ਲਈ ਕੱਦੂ ਕਰ ਰਿਹਾ ਸੀ। ਇਸੇ ਦੌਰਾਨ ਉਕਤ ਮੁਲਜ਼ਮ ਗੱਡੀਆਂ 'ਤੇ ਸਵਾਰ ਹੋ ਕੇ ਉਸ ਨੂੰ ਮਾਰਨ ਲਈ ਆ ਗਏ। ਉਨ੍ਹਾਂ ਆਉਂਦਿਆਂ ਹੀ ਉਸ 'ਤੇ ਪਿਸਤੌਲ ਨਾਲ ਤਿੰਨ ਰਾਊਂਡ ਫਾਇਰ ਕੀਤੇ, ਜਿਸ 'ਚ ਉਹ ਵਾਲ-ਵਾਲ ਬਚ ਗਿਆ, ਫਿਰ ਉਨ੍ਹਾਂ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News