ਸੰਗਤਾਂ ਚੰਡੀਗੜ੍ਹ ’ਚ ਲੱਗੇ ਕੌਮੀ ਇਨਸਾਫ਼ ਮੋਰਚੇ ’ਚ ਵਧ ਚੜ੍ਹ ਕੇ ਪੁੱਜਣ : ਦਾਦੂਵਾਲ

01/14/2023 6:47:04 PM

ਤਲਵੰਡੀ ਸਾਬੋ (ਮੁਨੀਸ਼): ਦੇਸ਼ ਦੀਆਂ ਵੱਖ-ਵੱਖ ਜੇਲਾਂ ’ਚ ਨਜ਼ਰਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀਆਂ ਰਿਹਾਈ ਅਤੇ ਬਰਗਾੜੀ ਬੇਅਦਬੀ ਕਾਂਡ ਦੇ ਇਨਸਾਫ਼ ਵਾਸਤੇ ਸਿੱਖ ਕੌਮ ਵੱਲੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਆਰੰਭੇ ਕੌਮੀ ਇਨਸਾਫ ਮੋਰਚੇ ’ਚ ਹਰ ਸਿੱਖ ਨੂੰ ਆਪਣਾ ਫਰਜ਼ ਸਮਝਦਿਆਂ ਸ਼ਮੂਲੀਅਤ ਕਰਨੀ ਚਾਹੀਦੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਨੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਭੁੱਖ ਹੜਤਾਲ ਕੀਤੀ ਸੀ ਜਿਸ ਨਾਲ ਕੁੱਝ ਬੰਦੀ ਸਿੰਘਾਂ ਦੀਆਂ ਰਿਹਾਈਆਂ ਹੋਈਆਂ ਸਨ, ਬਾਪੂ ਸੂਰਤ ਸਿੰਘ ਖਾਲਸਾ ਨੇ ਭੁੱਖ ਹੜਤਾਲ ਕੀਤੀ ਤਾਂ ਕੁੱਝ ਸਿੰਘਾਂ ਦੀਆਂ ਜੇਲ ਤਬਦੀਲੀਆਂ/ਰਿਹਾਈਆਂ ਹੋਈਆਂ ਫਿਰ ਬਰਗਾੜੀ ਇਨਸਾਫ ਮੋਰਚਾ ਲੱਗਾ ਤਾਂ ਕੁਝ ਬੰਦੀ ਸਿੰਘਾਂ ਦੀਆਂ ਰਿਹਾਈਆਂ ਹੋਈਆਂ ਅਤੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਪਛਾਣੇ ਗਏ, ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿਚ ਰੱਖੀ ਗਈ, ਜਿਸਦੀ ਬਹਿਸ ਉਪਰੰਤ ਦੋਸ਼ੀ ਪੁਲਸ ਮੁਲਾਜ਼ਮਾਂ ’ਤੇ ਪਰਚਾ ਦਰਜ ਹੋਇਆ ਅਤੇ ਬਹਿਬਲਕਲਾਂ ਗੋਲੀ ਕਾਂਡ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਜਾਰੀ ਕੀਤਾ ਗਿਆ।

ਜਥੇਦਾਰ ਦਾਦੂਵਾਲ ਅਨੁਸਾਰ ਇਨ੍ਹਾਂ ਮੋਰਚਿਆਂ ਨਾਲ ਕਈ ਮਸਲੇ ਹੱਲ ਤਾਂ ਹੋਏ ਪਰ ਪੂਰਾ ਇਨਸਾਫ ਅੱਜ ਤਕ ਸਰਕਾਰਾਂ ਨੇ ਨਹੀਂ ਦਿੱਤਾ। ਇਸ ਲਈ ਚੰਡੀਗੜ੍ਹ ਵਿਚ ਲੱਗੇ ਹੋਏ ਕੌਮੀ ਇਨਸਾਫ ਮੋਰਚੇ ਨੂੰ ਸਾਰੇ ਪੰਥ ਦਰਦੀ, ਸੰਤ ਮਹਾਪੁਰਸ਼, ਰਾਗੀ,ਢਾਡੀ, ਕਵੀਸ਼ਰ,ਪ੍ਰਚਾਰਕ ਕਥਾਵਾਚਕਾਂ, ਸੰਪਰਦਾਵਾਂ ਅਤੇ ਟਕਸਾਲਾਂ ਦੇ ਨਾਲ-ਨਾਲ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਆਪਣਾ ਫਰਜ਼ ਸਮਝ ਕੇ ਪੂਰਨ ਸਮਰਥਨ ਦੇਣਾ ਚਾਹੀਦਾ ਹੈ ਤਾਂ ਕਿ ਸਰਕਾਰਾਂ ਉਪਰ ਦਬਾਅ ਬਣਾ ਕੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਹੋ ਸਕਣ ਅਤੇ ਬੇਅਦਬੀ ਦਾ ਇਨਸਾਫ ਮਿਲ ਸਕੇ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਉਹ ਖੁਦ ਵੀ 14 ਜਨਵਰੀ ਨੂੰ ਸਾਥੀਆਂ ਸਮੇਤ ਮੋਰਚੇ ’ਚ ਸ਼ਾਮਲ ਹੋਣਗੇ।
 


Anuradha

Content Editor

Related News