ਆਖਰ ਕਦੋਂ ਨਸੀਬ ਹੋਵੇਗਾ ਸਾਹਨੇਵਾਲ ਦੇ ਲੋਕਾਂ ਨੂੰ ਬੱਸ ਅੱਡੇ ਦਾ ਸੁੱਖ?

12/22/2018 5:05:37 AM

ਸਾਹਨੇਵਾਲ, (ਹਨੀ)- ਸਥਾਨਕ ਸਾਹਨੇਵਾਲ ਕਸਬੇ ’ਚ ਕੋਈ ਸਥਾਈ ਬੱਸ ਅੱਡਾ ਨਾ ਹੋਣ ਕਰ ਕੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਭਾਵੇਂ ਸਰਕਾਰ ਵੱਲੋਂ ਸਾਹਨੇਵਾਲ ਕੌਮੀ ਸ਼ਾਹ ਮਾਰਗ ’ਤੇ ਨਿੱਤ ਵਾਪਰਦੇ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਇਸ ਨੂੰ ਛੇ ਮਾਰਗੀ ਬਣਾਉਣ ਵੇਲੇ ਪਹਿਲਾਂ ਬਣਿਆ ਇਕ ਫਰਜ਼ੀ ਬੱਸ ਅੱਡਾ ਵੀ ਢਾਹ ਦਿੱਤਾ ਗਿਆ ਪਰ ਉਸ ਥਾਂ ’ਤੇ ਲੋਕਾਂ ਦੀ ਸੁੱਖ ਸਹੂਲਤ ਲਈ ਕੋਈ ਬੱਸ ਅੱਡਾ ਨਹੀਂ ਬਣਾਇਆ ਗਿਆ। ਇਲਾਕਾ ਵਾਸੀਆਂ ਨੇ ਕਿਹਾ ਕਿ ਜਿਥੇ ਸੱਤਾਧਾਰੀ ਪਾਰਟੀ ਨੂੰ ਵੋਟ ਬੈਂਕ ਦੀ ਆਸ ਹੁੰਦੀ ਹੈ, ਉਥੇ ਵੱਡੀਆਂ-ਵੱਡੀਆਂ ਗ੍ਰਾਂਟਾਂ ਵੀ ਵੰਡੀਆਂ ਜਾਂਦੀਅਾਂ ਹਨ, ਤੇ ਕਰੋਡ਼ਾਂ ਰੁਪਏ ਦੀ ਲਾਗਤ ਨਾਲ ਸਰਕਾਰੀ ਇਮਾਰਤਾਂ ਵੀ ਉਸਾਰੀਆਂ ਜਾਂਦੀਅਾਂ ਹਨ ਪਰ ਜਿਥੇ ਆਮ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਤੇ ਸਾਂਝੀਆਂ ਸਮੱਸਿਆਵਾਂ ਦਾ ਮਾਮਲਾ ਹੋਵੇ, ਉਥੇ ਸਰਕਾਰ ਚੁੱਪ ਵੱਟ ਜਾਂਦੀ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸਾਹਨੇਵਾਲ ਤੋਂ ਦਰਜਨਾਂ ਪਿੰਡਾਂ ਦੇ ਲੋਕ ਰੋਜ਼ਾਨਾ ਸਾਹਨੇਵਾਲ ਤੋਂ ਦਿੱਲੀ, ਪਟਿਆਲਾ, ਲੁਧਿਆਣਾ, ਸ੍ਰੀ ਅੰਮ੍ਰਿਤਸਰ ਨੂੰ ਰੋਜ਼ਾਨਾ ਇਥੋਂ ਬੱਸਾਂ ਵਿਚ ਸਵਾਰ ਹੋ ਕੇ ਜਾਂਦੇ ਆਉਂਦੇ ਹਨ ਪਰ ਇਨ੍ਹਾਂ ਨੂੰ ਅੱਤ ਦੀ ਸਰਦੀ ਅਤੇ ਬਾਰਿਸ਼ ਤੋਂ ਬਚਾਉਣ ਲਈ ਕੋਈ ਵੀ ਸਹੂਲਤ ਨਹੀਂ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਜਦੋਂ ਕਿ ਸਾਹਨੇਵਾਲ ਤੋਂ ਰੋਜ਼ਾਨਾ ਸੈਂਕਡ਼ੇ ਬੱਸਾਂ ਲੰਘਦੀਅਾਂ ਹਨ ਅਤੇ ਸਰਦੀ ਵਿਚ ਸਵਾਰੀਆਂ ਨੂੰ ਸਡ਼ਕ ’ਤੇ ਖਡ਼੍ਹ ਕੇ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਬੱਸਾਂ ਦੇ ਸਡ਼ਕ ਕਿਨਾਰੇ ਖਡ਼੍ਹਨ ਨਾਲ ਇਥੇ ਕਈ ਵਾਰ ਹਾਦਸੇ ਵੀ ਵਾਪਰ ਚੁਕੇ ਹਨ ਪਰ ਪ੍ਰਸ਼ਾਸਨ ਇਨ੍ਹਾਂ ਵਾਪਰਦੇ ਹਾਦਸਿਆਂ ਨੂੰ ਦੇਖ ਕੇ ਵੀ ਟੱਸ ਤੋਂ ਮੱਸ ਨਹੀਂ ਹੋਇਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਜਿਥੇ ਸਵਾਰੀਆਂ ਖਡ਼੍ਹਦੀਆਂ ਹਨ, ਉਥੇ ਨਾ ਹੀ ਪੀਣ ਵਾਲੇ ਪਾਣੀ ਤੇ ਨਾ ਹੀ ਬਾਥਰੂਮ ਦਾ ਕੋਈ ਪ੍ਰਬੰਧ ਹੈ। ਇਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕੇ ਦੇ ਲੋਕਾਂ ਤੇ ਇਸਦੇ ਨਾਲ ਲਗਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਸਾਹਨੇਵਾਲ ਕਸਬੇ ’ਚ ਲੋਕਾਂ ਦੀ ਸੁੱਖ ਸਹੂਲਤ ਲਈ ਇਕ ਬੱਸ ਅੱਡੇ ਦਾ ਨਿਰਮਾਣ ਕਰਵਾਇਆ ਜਾਵੇ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਸਰਦੀ ਦੇ ਦਿਨਾਂ ਵਿਚ ਰਾਹਤ ਮਿਲ ਸਕੇ।


KamalJeet Singh

Content Editor

Related News