ਮਿੱਲ ਕਰਮਚਾਰੀ ਨੂੰ ਗੋਲੀ ਮਾਰ ਕੇ 20 ਲੱਖ ਰੁਪਏ ਲੁੱਟੇ
Wednesday, Dec 05, 2018 - 06:58 PM (IST)
ਖੰਨਾ,(ਸੁਨੀਲ)-ਸ਼ਹਿਰ 'ਚ ਅੱਜ ਸ਼ਾਮ ਢਲਦੇ ਹੀ ਨਕਾਬਪੋਸ਼ ਲੁਟੇਰੇ ਇਕ ਫੈਕਟਰੀ 'ਚ ਕੰਮ ਕਰਦੇ ਕਰਮਚਾਰੀ ਨੂੰ ਗੋਲੀ ਮਾਰ ਕੇ ਉਸ ਤੋਂ 20 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਹਾਲਾਂਕਿ ਲੁਟੇਰਿਆਂ ਨੂੰ ਫੜਨ ਲਈ ਖੰਨਾ ਤੇ ਮੰਡੀ ਗੋਬਿੰਦਗੜ੍ਹ ਪੁਲਸ ਨੇ ਵਿਸ਼ੇਸ਼ ਮੁਹਿੰਮ ਚਲਾਈ ਹੈ ਪਰ ਸਮਾਚਾਰ ਲਿਖੇ ਜਾਣ ਤੱਕ ਲੁਟੇਰੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਸਨ।
ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਦੀ ਰਾਜ ਸਟੀਲ ਇੰਡਸਟਰੀ ਦਾ ਇਕ ਕਰਮਚਾਰੀ ਮਹਿਤਾਬ ਸਿੰਘ ਜੇ. ਐਂਡ ਕੇ. ਬੈਂਕ ਖੰਨਾ 'ਚੋਂ 20 ਲੱਖ ਰੁਪਏ ਕਢਵਾਉਣ ਦੇ ਬਾਅਦ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਸ ਫੈਕਟਰੀ ਜਾ ਰਿਹਾ ਸੀ, ਜਿਵੇਂ ਹੀ ਉਹ ਜੀ. ਟੀ. ਰੋਡ 'ਤੇ ਸ਼ਨੀਦੇਵ ਮੰਦਰ ਦੇ ਕੋਲ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਦੇ ਬਾਅਦ ਉਹ ਜ਼ਮੀਨ 'ਤੇ ਡਿੱਗ ਗਿਆ, ਜਿਸ ਤੋਂ ਬਾਅਦ ਲੁਟੇਰੇ ਮਹਿਤਾਬ ਦੇ ਹੱਥ 'ਚ ਫੜਿਆ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਮਾਮਲੇ ਦੀ ਸੂਚਨਾ ਮਿਲਦੇ ਹੀ ਐੱਸ. ਪੀ. (ਡੀ.) ਜਸਬੀਰ ਸਿੰਘ, ਡੀ. ਐੱਸ. ਪੀ. ਦੀਪਕ ਰਾਏ, ਐੱਸ. ਐੱਚ. ਓ. ਸਦਰ ਗੁਰਮੇਲ ਸਿੰਘ ਤੇ ਮੰਡੀ ਗੋਬਿਦਗੜ੍ਹ ਤੋਂ ਵੀ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ।

ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣ ਦੀ ਪਰਕ੍ਰਿਰਿਆ ਸ਼ੁਰੂ ਕਰ ਦਿੱਤੀ ਹੈ। ਐੱਸ. ਪੀ. ਜਸਬੀਰ ਸਿੰਘ ਨੇ ਕਿਹਾ ਕਿ ਲੁਟੇਰੇ ਕੋਈ ਵੀ ਹੋਣ, ਉਨ੍ਹਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ। ਜ਼ਖ਼ਮੀ ਮਹਿਤਾਬ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ।
