ਦਿਨ-ਦਿਹਾੜੇ 60 ਹਜ਼ਾਰ ਲੁੱਟਣ ਵਾਲੇ ਦੋ ਲੁਟੇਰੇ ਗ੍ਰਿਫਤਾਰ, ਚੋਰੀ ਕੀਤਾ ਮੋਟਰਸਾਈਕਲ ਵੀ ਬਰਾਮਦ
Monday, Sep 22, 2025 - 08:00 PM (IST)

ਹਲਵਾਰਾ (ਲਾਡੀ) – ਹਲਵਾਰਾ ਦੇ ਲਾਗਲੇ ਪਿੰਡ ਨੂਰਪੁਰਾ ਦੇ ਦਰਸ਼ਨ ਸਿੰਘ ਤੋਂ 16 ਸਤੰਬਰ ਨੂੰ 60 ਹਜ਼ਾਰ ਰੁਪਏ ਲੁੱਟਣ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ ਸੀ। ਮੁਸਤੈਦੀ ਨਾਲ ਵੱਡੀ ਕਾਰਵਾਈ ਕਰਦਿਆਂ ਥਾਣਾ ਦਾਖਾ ਦੀ ਪੁਲਸ ਨੇ ਦਿਨ-ਦਿਹਾੜੇ 60 ਹਜ਼ਾਰ ਰੁਪਏ ਲੁੱਟਣ ਵਾਲੇ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਉਨ੍ਹਾਂ ਕੋਲੋਂ ਚੋਰੀ ਕੀਤਾ ਬਿਨਾਂ ਨੰਬਰੀ ਪਲਸਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਐੱਸ.ਐੱਸ.ਪੀ ਡਾ. ਅੰਕੁਰ ਗੁਪਤਾ ਵੱਲੋਂ ਚਲਾਈ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਮੁਹਿੰਮ ਅਧੀਨ, ਐੱਸ.ਪੀ (ਡੀ) ਹਰਕਮਲ ਕੌਰ ਦੀਆਂ ਹਦਾਇਤਾਂ ਤੇ ਥਾਣਾ ਦਾਖਾ ਦੇ ਐੱਸ.ਐੱਚ.ਓ ਹਮਰਾਜ ਸਿੰਘ ਚੀਮਾ ਦੀ ਅਗਵਾਈ ਹੇਠ ਏ.ਐੱਸ.ਆਈ ਗੁਰਮੀਤ ਸਿੰਘ ਨੇ ਕਾਰਵਾਈ ਨੂੰ ਅੰਜ਼ਾਮ ਦਿੱਤਾ।
ਉਨ੍ਹਾਂ ਦੱਸਿਆ ਕਿ ਦਰਸ਼ਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨੂਰਪੁਰਾ ਨੇ 16 ਸਤੰਬਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਾਏਕੋਟ ਰੋਡ 'ਤੇ ਦੋ ਅਣਪਛਾਤੇ ਲੁਟੇਰੇ ਉਸ ਤੋਂ 60 ਹਜ਼ਾਰ ਰੁਪਏ ਲੈ ਗਏ ਸਨ। ਇਸ ਸਬੰਧੀ ਦਾਖਾ ਥਾਣੇ 'ਚ ਮੁਕੱਦਮਾ ਦਰਜ ਕੀਤਾ ਗਿਆ ਸੀ।
ਪੜਤਾਲ ਦੌਰਾਨ ਪੁਲਸ ਨੇ ਜਗਦੀਪ ਸਿੰਘ ਉਰਫ ਗਨੀ ਪੁੱਤਰ ਚਮਕੌਰ ਸਿੰਘ ਅਤੇ ਦਵਿੰਦਰ ਸਿੰਘ ਉਰਫ ਸੁੱਖਾ ਵਾਸੀ ਹੇਰਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਖੁਲਾਸਾ ਕੀਤਾ ਕਿ ਦੋਸ਼ੀਆਂ ਨੇ ਲੁੱਟੇ ਪੈਸਿਆਂ ਵਾਲਾ ਪਰਸ ਅਤੇ ਹੋਰ ਕਾਗਜ਼ਾਤ ਖੁਰਦਬੁਰਦ ਕਰ ਦਿੱਤੇ ਸਨ, ਜਿਸ ਕਾਰਨ ਮੁਕੱਦਮੇ ਵਿੱਚ ਧਾਰਾ 238 ਵੀ ਸ਼ਾਮਲ ਕੀਤੀ ਗਈ ਹੈ।
ਡੀ.ਐੱਸ.ਪੀ ਖੋਸਾ ਨੇ ਕਿਹਾ ਕਿ ਗ੍ਰਿਫਤਾਰ ਲੁਟੇਰਿਆਂ ਤੋਂ ਹੋਰ ਪੁੱਛਗਿੱਛ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।