CM ਰੇਖਾ ਗੁਪਤਾ 19 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਨਸ਼ਾ ਮੁਕਤ ਪੰਜਾਬ ਦੀ ਦੂਜੀ ਯਾਤਰਾ ਨੂੰ ਕਰਨਗੇ ਰਵਾਨਾ

Tuesday, Sep 15, 2026 - 10:28 PM (IST)

CM ਰੇਖਾ ਗੁਪਤਾ 19 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਨਸ਼ਾ ਮੁਕਤ ਪੰਜਾਬ ਦੀ ਦੂਜੀ ਯਾਤਰਾ ਨੂੰ ਕਰਨਗੇ ਰਵਾਨਾ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ‘‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’’ ਦੇ ਨਾਅਰੇ ਹੇਠ ਕੱਢੀਆ ਜਾ ਰਹੀਆਂ ਚਾਰ ਯਾਤਰਾਵਾਂ ਵਿੱਚੋਂ ਦੂਜੀ ਯਾਤਰਾ ਦਾ ਆਗਾਜ਼ 19 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਹੋਵੇਗਾ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਕਨਵੀਨਰ ਰਾਜੇਸ਼ ਬਾਘਾ ਨੇ ਦੱਸਿਆ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਫਤਿਹਗੜ੍ਹ ਸਾਹਿਬ ਤੋਂ ਯਾਤਰਾ ਨੂੰ ਰਵਾਨਾ ਕਰਨਗੇ। 

ਰਾਜੇਸ਼ ਬਾਘਾ ਨੇ ਦੱਸਿਆ ਕਿ ਰੇਖਾ ਗੁਪਤਾ ਪਹਿਲਾ ਗੁਰਦੁਆਰਾ ਸ੍ਰੀ ਜਯੋਤੀ ਸਰੂਪ ਸਾਹਿਬ ਨਤਮਸਤਕ ਹੋਣਗੇ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸਿਜ਼ਦਾ ਕਰਨ ਤੋਂ ਬਾਅਦ ਸਥਾਨਕ ਦਾਣਾ ਮੰਡੀ ਵਿੱਚ ਇਕੱਠ ਨੂੰ ਸੰਬੋਧਨ ਕਰਨਗੇ। ਇਸ ਉਪਰੰਤ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ। ਰਾਜੇਸ਼ ਬਾਘਾ ਨੇ ਕਿਹਾ ਕਿ ਇਹ ਯਾਤਰਾ ਅੱਜ ਪੰਜਾਬ ਦੇ ਸਾਹਮਣੇ ਖੜ੍ਹੀਆਂ ਤਿੰਨ ਵੱਡੀਆਂ ਚੁਣੌਤੀਆਂ—ਵਧਦਾ ਨਸ਼ਾ, ਵਿਗੜਦੀ ਕਾਨੂੰਨ-ਵਿਵਸਥਾ ਅਤੇ ਤਹਿਸੀਲ ਤੇ ਥਾਣੇ ਤੋਂ ਲੈ ਕੇ ਮੁੱਖ ਮੰਤਰੀ ਦਫ਼ਤਰ ਤੱਕ ਸ਼ਾਸਨ ਦੇ ਹਰ ਪੱਧਰ ’ਤੇ ਫੈਲੇ ਭ੍ਰਿਸ਼ਟਾਚਾਰ ’ਤੇ ਕੇਂਦਰਿਤ ਹੋਵੇਗੀ।

ਬਾਘਾ ਨੇ ਕਿਹਾ ਕਿ ਇਹ ਸਿਰਫ਼ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਵਾਲੀ ਯਾਤਰਾ ਨਹੀਂ ਹੈ, ਸਗੋਂ ਨਸ਼ਿਆਂ ਕਾਰਨ ਪੰਜਾਬੀਅਤ, ਸਾਡੀ ਸੱਭਿਆਚਾਰਕ ਕਦਰਾਂ-ਕੀਮਤਾਂ, ਚੜ੍ਹਦੀ ਕਲਾ ਅਤੇ ਗੁਰੂਆਂ ਦੀ ਧਰਤੀ ਦੀ ਸ਼ਾਨਾਮੱਤੀ ਪਛਾਣ ਸਾਹਮਣੇ ਪੈਦਾ ਹੋਏ ਗੰਭੀਰ ਖ਼ਤਰੇ ਦਾ ਟਾਕਰਾ ਕਰਨ ਦਾ ਯਤਨ ਹੈ। 

ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਸੰਕਟ ਪਰਿਵਾਰਾਂ ਨੂੰ ਤੋੜ ਰਿਹਾ ਹੈ, ਖ਼ਾਸ ਤੌਰ ’ਤੇ ਮਾਵਾਂ ਅਤੇ ਭੈਣਾਂ ਨੂੰ ਭਾਰੀ ਪੀੜਾ ਦੇ ਰਿਹਾ ਹੈ। ਪੰਜਾਬ ਦੇ ਨੌਜਵਾਨ, ਜੋ ਰਵਾਇਤੀ ਤੌਰ ’ਤੇ ਹਥਿਆਰਬੰਦ ਸੈਨਾਵਾਂ, ਖੇਡਾਂ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਹਨ, ਨਸ਼ਿਆਂ ਦੀ ਲਤ ਵੱਲ ਧੱਕੇ ਜਾ ਰਹੇ ਹਨ। ਇਸ ਨਾਲ ਅਪਰਾਧ, ਹਿੰਸਾ ਅਤੇ ਗੈਂਗ ਨਾਲ ਸਬੰਧਤ ਗਤੀਵਿਧੀਆਂ ਵਧ ਰਹੀਆਂ ਹਨ। ਕਾਨੂੰਨ-ਵਿਵਸਥਾ ਦੀ ਸਥਿਤੀ ਹੋਰ ਵਿਗੜ ਰਹੀ ਹੈ ਅਤੇ ਇਲਾਜ ਲਈ ਕਰਜ਼ਾ ਲੈਣ ਜਾਂ ਆਪਣੀ ਜ਼ਮੀਨ ਅਤੇ ਜਾਇਦਾਦ ਵੇਚਣ ਲਈ ਮਜਬੂਰ ਪਰਿਵਾਰਾਂ ’ਤੇ ਭਾਰੀ ਆਰਥਿਕ ਬੋਝ ਪੈ ਰਿਹਾ ਹੈ। 

ਦੂਜੀ ਯਾਤਰਾ ਦਾ ਰੂਟ 
ਦੂਜੀ ਯਾਤਰਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਸਮਰਾਲਾ, ਪਾਇਲ, ਖੰਨਾ, ਅਮਲੋਹ, ਬੱਸੀ ਪਠਾਣਾ, ਡੇਰਾ ਬੱਸੀ, ਐਸ.ਏ.ਐਸ. ਨਗਰ, ਖਰੜ, ਚਮਕੌਰ ਸਾਹਿਬ, ਰੋਪੜ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਚੱਬੇਵਾਲ, ਹੁਸ਼ਿਆਰਪੁਰ, ਸ਼ਾਮ ਚੌਰਾਸੀ, ਦਸੂਹਾ, ਮੁਕੇਰੀਆਂ, ਉੜਮੁੜ, ਆਦਮਪੁਰ, ਬਲਾਚੌਰ, ਨਵਾਂਸ਼ਹਿਰ, ਬੰਗਾ ਅਤੇ ਫਗਵਾੜਾ ਵਿਧਾਨ ਸਭਾ ਹਲਕਿਆਂ ਵਿੱਚੋਂ ਹੋ ਕੇ ਗੁਜ਼ਰੇਗੀ ਅਤੇ ਜਲੰਧਰ ਵਿੱਚ ਸੰਪੰਨ ਹੋਵੇਗੀ।


author

Inder Prajapati

Content Editor

Related News