ਸਿੱਧੂ ਮੂਸੇ ਵਾਲੇ ਨੂੰ ਟਿਕਟ ਮਿਲਣ ’ਤੇ ਕਾਂਗਰਸ ’ਚ ਬਗਾਵਤ

Sunday, Jan 16, 2022 - 12:16 PM (IST)

ਸਿੱਧੂ ਮੂਸੇ ਵਾਲੇ ਨੂੰ ਟਿਕਟ ਮਿਲਣ ’ਤੇ ਕਾਂਗਰਸ ’ਚ ਬਗਾਵਤ

ਮਾਨਸਾ (ਸੰਦੀਪ ਮਿੱਤਲ) : ਕਾਂਗਰਸ ਪਾਰਟੀ ਵੱਲੋਂ ਐਲਾਨੀ ਪਹਿਲੀ ਸੂਚੀ ਵਿਚ ਮਾਨਸਾ ਵਿਧਾਨ ਸਭਾ ਹਲਕੇ ਤੋਂ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਟਿਕਟ ਦੇਣ ’ਤੇ ਕਾਂਗਰਸ ਪਾਰਟੀ ਵਿਚ ਇਸ ਵਿਧਾਨ ਸਭਾ ਹਲਕੇ ਤੋਂ ਵੱਡੇ ਪੱਧਰ ’ਤੇ ਬਗਾਵਤ ਹੋਣ ਦੇ ਆਸਾਰ ਪੈਦਾ ਹੋ ਗਏ ਹਨ। ਵਰਨਣਯੋਗ ਹੈ ਕਿ ਟਕਸਾਲੀ ਕਾਂਗਰਸੀ ਆਗੂਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਿੱਧੂ ਮੂਸੇਵਾਲਾ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ : ਮਾਨਸਾ ਤੋਂ ਸਿੱਧੂ ਮੂਸੇਵਾਲਾ ਲੜੇਗਾ ਚੋਣ, ਟਿਕਟ ਮਿਲਣ ਮਗਰੋਂ ਸਿੱਧੂ ਦਾ ਪਹਿਲਾ ਬਿਆਨ ਆਇਆ ਸਾਹਮਣੇ

ਇਸ ਦੌਰਾਨ ਸਾਬਕਾ ਮੰਤਰੀ ਸਵ. ਸ਼ੇਰ ਸਿੰਘ ਗਾਗੋਵਾਲ ਦੇ ਪਰਿਵਾਰ ਵੱਲੋਂ ਦੋ ਵਾਰ ਵੱਡੇ ਇਕੱਠ ਕਰ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਅਤੇ ਬੀਤੇ ਦਿਨੀਂ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਵੀ ਇਕ ਪ੍ਰੈੱਸ ਕਾਨਫਰੰਸ ਕਰ ਕੇ ਸਿੱਧੂ ਮੂਸੇਵਾਲਾ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਗਿਆ ਸੀ ਅਤੇ ਪਾਰਟੀ ਹਾਈਕਮਾਂਡ ਨੂੰ ਉਕਤ ਟਿਕਟ ਕਿਸੇ ਹਲਕੇ ਦੇ ਟਕਸਾਲੀ ਆਗੂ ਨੂੰ ਦੇਣ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚੁਸਪਿੰਦਰਬੀਰ ਸਿੰਘ ਚਹਿਲ ਵੱਲੋਂ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਕੇ ਸਿੱਧੂ ਮੂਸੇਵਾਲਾ ਨੂੰ ਟਿਕਟ ਦੇਣ ਦਾ ਵਿਰੋਧ ਜਤਾਇਆ ਸੀ। ਵੱਡੇ ਵਿਰੋਧ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਵੱਲੋਂ ਸਿੱਧੂ ਮੂਸੇ ਵਾਲੇ ਨੂੰ ਟਿਕਟ ਦੇ ਕੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਚੱਲ ਰਹੀਆਂ ਕਿਆਸ ਅਰਾਈਆਂ ’ਤੇ ਵਿਰਾਮ ਲਗਾ ਦਿੱਤਾ ਹੈ। ਸਿੱਧੂ ਮੂਸੇਵਾਲਾ ਨੂੰ ਟਿਕਟ ਮਿਲਣ ’ਤੇ ਗਾਗੋਵਾਲ ਪਰਿਵਾਰ ਨੇ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤੇ ਜਾਣ ਦਾ ਸਮਾਚਾਰ ਹੈ। ਗੁਰਪ੍ਰੀਤ ਕੌਰ ਗਾਗੋਵਾਲ ਅਤੇ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਗਾਗੋਵਾਲ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਆਪਣੇ ਸਮਰਥਕਾਂ ਨਾਲ ਇਕ ਮੀਟਿੰਗ ਰੱਖਣਗੇ ਅਤੇ ਜਿਸ ਵਿਚ ਅੱਗੇ ਦੀ ਰਣਨੀਤੀ ਤਿਆਰ ਕਰ ਕੇ ਫੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ : ਸਿੱਧੂ ’ਤੇ ਭਾਰੀ ਪਿਆ ਹਾਈਕਮਾਨ, ਪਹਿਲੀ ਸੂਚੀ ’ਚ ਹੀ ਵਿਰੋਧੀ ਕੀਤੇ ਚਾਰੋ ਖਾਨੇ ਚਿੱਤ

ਗਾਗੋਵਾਲ ਨੇ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਹਲਕੇ ਵਿਚ ਵਿਚਰ ਰਹੇ ਸਨ ਅਤੇ ਹਰ ਵਰਕਰ ਦੇ ਦੁੱਖ-ਸੁੱਖ ਸਮੇਂ ਸ਼ਰੀਕ ਹੁੰਦੇ ਰਹੇ ਅਤੇ ਪਾਰਟੀ ਲਈ ਦਿਨ-ਰਾਤ ਸੇਵਾ ਕੀਤੀ ਪਰ ਪਾਰਟੀ ਨੇ ਉਨ੍ਹਾਂ ਨੂੰ ਇਕ ਪਾਸੇ ਕਰਦੇ ਹੋਏ ਕੁੱਝ ਮਹੀਨੇ ਪਹਿਲਾਂ ਪਾਰਟੀ ਵਿਚ ਸ਼ਾਮਲ ਹੋਏ ਗਾਇਕ ਸਿੱਧੂ ਮੂਸੇਵਾਲਾ ਨੂੰ ਪਾਰਟੀ ਦੀ ਟਿਕਟ ਦੇ ਦਿੱਤੀ, ਜਿਸ ਨਾਲ ਉਹ ਸਾਨੂੰ ਗਹਿਰਾ ਦੁੱਖ ਹੋਇਆ ਹੈ ਇਸ ਲਈ ਅਸੀਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਹੇ ਹਾਂ। ਸਿੱਧੂ ਮੂਸੇ ਵਾਲੇ ਨੂੰ ਟਿਕਟ ਮਿਲਣ ਤੋਂ ਬਾਅਦ ਹੁਣ ਉਸਦਾ ਵਿਰੋਧ ਕਰ ਰਹੇ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਗਾਗੋਵਾਲ ਪਰਿਵਾਰ ਅਤੇ ਚੁਸਪਿੰਦਰਬੀਰ ਚਹਿਲ ਵੱਲੋਂ ਇਕੱਠੇ ਹੋ ਕੇ ਕੋਈ ਅਗਲੀ ਰਣਨੀਤੀ ਤੈਅ ਕਰਨ ਦੀਆਂ ਕਨਸੋਆਂ ਵੀ ਮਿਲੀਆਂ ਹਨ।

ਇਹ ਵੀ ਪੜ੍ਹੋ ਵੱਡਾ ਦਾਅ ਖੇਡਣ ਦੀ ਰੌਂਅ 'ਚ ਕਾਂਗਰਸ, ਇਨ੍ਹਾਂ ਸੰਸਦ ਮੈਂਬਰਾਂ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਤਿਆਰੀ

ਇਸ ਸਬੰਧੀ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅਗਲੇ ਇਕ ਦੋ ਦਿਨਾਂ ਵਿਚ ਆਪਣੇ ਸਮਰਥਕਾਂ ਨਾਲ ਮੀਟਿੰਗ ਕਰ ਕੇ ਕੋਈ ਫੈਸਲਾ ਲੈਣਗੇ। ਇਸ ਸਬੰਧੀ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਆਪਾਂ ਵਿਧਾਇਕ ਹੁੰਦੇ ਹੋਏ ਈਮਾਨਦਾਰੀ ਨਾਲ ਕੰਮ ਕੀਤਾ ਹੈ ਪਰ ਪਾਰਟੀ ਨੂੰ ਉਨ੍ਹਾਂ ਦਾ ਕੰਮ ਚੰਗਾ ਨਹੀਂ ਲੱਗਿਆ ਪਰ ਪਾਰਟੀ ਨੇ ਲੱਚਰ ਗਾਇਕੀ ਨੂੰ ਪਸੰਦ ਕਰ ਕੇ ਇਕ ਗਾਇਕ ਨੂੰ ਟਿਕਟ ਦਿੱਤੀ ਹੈ ਜੋ ਚੰਗੀ ਗੱਲ ਨਹੀਂ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News