ਬਾਦਲ ਗ੍ਰਿਫਤਾਰੀ ਦੇਣ ਦਾ ਡਰਾਮਾ ਕਰ ਰਹੇ ਹਨ : ਰਵੀਇੰਦਰ ਸਿੰਘ

02/24/2019 4:41:00 PM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ)— ਨਿਹਾਲ ਸਿੰਘ ਵਾਲਾ ਦੀ ਨਵੀਂ ਦਾਣਾ ਮੰਡੀ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ 1920 ਦੇ ਕੌਮੀ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਅਗਵਾਈ 'ਚ ਮੀਰੀ-ਪੀਰੀ ਸੰਮੇਲਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ 1920 ਦੇ ਕੌਮੀ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਚੋਣਾਂ ਜਾਂ ਪਾਰਲੀਮੈਂਟ ਚੋਣਾਂ ਜਲਦੀ ਨਹੀਂ ਚਾਹੁੰਦੀ, ਪਾਰਟੀ ਸਿਰਫ ਬਾਦਲ ਪਰਿਵਾਰ ਤੋਂ ਸਿੱਖਾਂ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣਾ ਚਾਹੁੰਦੀ ਹੈ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਦੀ ਮਿਆਦ ਖਤਮ ਹੋ ਚੁੱਕੀ ਹੈ, ਇਸ ਲਈ ਜਲਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਏ ਜਾਣ ਦੀ ਜ਼ਰੂਰਤ ਹੈ ਤਾਂ ਜੋ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਬਾਦਲ ਪਰਿਵਾਰ ਨੂੰ ਪਾਸੇ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੁਣ ਜੋ ਗ੍ਰਿਫਤਾਰ ਹੋਣ ਦਾ ਡਰਾਮਾ ਰਚਿਆ ਜਾ ਰਿਹਾ ਇਹ ਸਿਰਫ ਲੋਕਾਂ ਦੀ ਹਮਦਰਦੀ ਪ੍ਰਾਪਤ ਕਰਨ ਲਈ ਉਸ ਦੀ ਪੁਰਾਣੀ ਆਦਤ ਹੈ। ਬਰਗਾੜੀ ਇਨਸਾਫ ਲਈ ਬਣਾਈ ਗਈ ਐੱਸ.ਆਈ.ਟੀ. ਵੱਲੋਂ ਕੀਤੀ ਗਈ ਜਾਂਚ 'ਚ ਸੱਚ ਸਭ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਪੰਜਾਬ ਸਰਕਾਰ 'ਤੇ ਨਿਰਭਰ ਕਰਦਾ ਹੈ ਕਿ ਉਹ ਦੋਸ਼ੀਆਂ ਨੂੰ ਕਿਹੋ ਜਿਹੀ ਸਜ਼ਾ ਦਿਵਾਉਣ ਲਈ ਭੂਮਿਕਾ ਨਿਭਾਉਂਦੀ ਹੈ।

ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਹਾਜ਼ਰ ਸੰਗਤਾਂ ਦੀ ਸਰਬਸੰਮਤੀ ਨਾਲ ਸੰਮੇਲਨ 'ਚ ਅੱਠ ਮਤੇ ਪਾਸ ਕਰਦਿਆਂ ਕਿਹਾ ਕਿ ਅੱਜ ਦੀਆਂ ਸਰਕਾਰਾਂ ਕਰਤਾਰਪੁਰ ਲਾਂਘੇ 'ਚ ਅੜਿੱਕਾ ਡਾਹ ਰਹੀਆਂ ਹਨ, ਬਰਗਾੜੀ ਮੋਰਚਾ ਜੋ ਲੰਬਾ ਸਮਾਂ ਚੱਲਿਆ ਪਰ ਕੇਂਦਰ, ਪੰਜਾਬ ਸਰਕਾਰ ਅਤੇ ਬਾਦਲ ਪਰਿਵਾਰ ਤਿੰਨਾਂ ਨੇ ਜਿਸ ਢੰਗ ਨਾਲ ਤਿੰਨ ਮੰਗਾਂ ਮੰਨਣ ਤੋਂ ਬਿਨਾਂ ਮੋਰਚਾ ਚੁਕਵਾਇਆ ਜਿਸ ਤੋਂ ਸੰਗਤਾਂ 'ਚ ਭਾਰੀ ਨਿਰਾਸ਼ਾ ਹੈ। ਉਨ੍ਹਾਂ ਆਪਣੇ ਮਤੇ 'ਚ ਠੇਕੇ 'ਤੇ ਭਰਤੀ ਕੀਤੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਵੀ ਰੱਖੀ। ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਪਾਸ ਕੀਤੇ ਮਤੇ 'ਤੇ ਉਨ੍ਹਾਂ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਸੂਚਕ ਅੰਕ ਨਾਲ ਜੋੜਨ ਲਈ ਵੀ ਸਰਕਾਰ ਨੂੰ ਆਖਿਆ। ਉਕਤ ਆਗੂਆਂ ਨੇ ਪੰਜਾਬੀ ਮਾਂ ਬੋਲੀ ਦੇ ਹੱਕ 'ਚ ਬੋਲਦਿਆਂ ਕਿਹਾ ਕਿ ਸੂਬੇ ਦੇ ਸਾਰੇ ਅਦਾਰਿਆਂ 'ਚ ਪੂਰਨ ਰੂਪ 'ਚ ਪੰਜਾਬੀ ਭਾਸ਼ਾ ਲਾਗੂ ਕੀਤੀ ਜਾਵੇ। ਇਨ੍ਹਾਂ ਮਤਿਆਂ ਨੂੰ ਸੰਗਤਾਂ ਨੇ ਪ੍ਰਵਾਨ ਕੀਤਾ।

ਇਸ ਮੌਕੇ ਜਥੇਦਾਰ ਗੁਰਿੰਦਰ ਸਿੰਘ ਬਾਜਵਾ, ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਦਰਸ਼ਨ ਸਿੰਘ ਘੋਲੀਆ, ਸਾਬਕਾ ਸਰਪੰਚ ਪ੍ਰੀਤਇੰਦਰ ਪਾਲ ਸਿੰਘ, ਪਰਮਪਾਲ ਸਿੰਘ ਮੱਲੇਆਣਾ, ਬਾਬਾ ਸੁਰਿੰਦਰ ਸਿੰਘ, ਭਾਈ ਹਰਪ੍ਰੀਤ ਸਿੰਘ ਜੋਗੇਵਾਲਾ ਅਤੇ ਹੋਰ ਵਿਦਵਾਨਾਂ ਤੋਂ ਇਲਾਵਾ ਹਜ਼ਾਰਾਂ ਲੋਕ ਹਾਜ਼ਰ ਸਨ।


Shyna

Content Editor

Related News