ਬਰਨਾਲਾ ਰੈਲੀ ’ਚ ਕਿਸਾਨ ਪਰਾਲੀ ਨੂੰ ਅੱਗ ਲਾਉਣ ਦਾ ਕਰਨਗੇ ਐਲਾਨ

Saturday, Oct 13, 2018 - 12:35 AM (IST)

ਅਜੀਤਵਾਲ, (ਰੱਤੀ ਕੋਕਰੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਹਿਮ ਮੀਟਿੰਗ ਪਰਾਲੀ ਮੁੱਦੇ ’ਤੇ ਪਿੰਡ ਕੋਕਰੀ ਫੂਲਾ ਸਿੰਘ ਵਿਖੇ ਹੋਈ, ਜਿਸ ’ਚ ਵੱਡੀ ਗਿਣਤੀ ’ਚ ਕਿਸਾਨਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਅਤੇ ਜ਼ਿਲਾ ਪ੍ਰੈੱਸ ਸਕੱਤਰ ਨਛੱਤਰ ਸਿੰਘ ਹੇਰ ਨੇ ਕੀਤੀ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਗੁਰਭਿੰਦਰ ਸਿੰਘ ਨੇ ਕਿਹਾ ਕਿ ਜਥੇਬੰਦੀ ਪਰਾਲੀ ਦਾ ਕੰਮ ਖਤਮ ਕਰਨ ਲਈ ਬਰਨਾਲਾ ਵਿਖੇ ਵੱਡਾ ਇਕੱਠ ਕਰ ਰਹੀ ਹੈ। ਸਰਕਾਰੀ ਹੁਕਮਾਂ ਨੂੰ ਮਸਲ ਕੇ ਪਰਾਲੀ ਸਾਡ਼ ਰਹੇ ਕਿਸਾਨਾਂ ਦੀ ਹਮਾਇਤ ’ਤੇ ਜਥੇਬੰਦੀ ਆ ਗਈ ਹੈ। 6000 ਕਰੋਡ਼ ਰੁਪਏ ਸਰਕਾਰ ਪਰਾਲੀ ਦੇ ਹੱਲ ਲਈ ਕਿਸਾਨਾਂ ਨੂੰ ਦੇਣੋ ਇੰਨਕਾਰੀ ਹੈ, ਕਿਸਾਨ ਇਹ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਵਧਾ ਕੇ ਕਾਰਪੋਰੇਟ ਮੁਨਾਫੇ ਦੀ ਫਸਲ ਤਿਆਰ ਕਰਨਾ ਸਰਕਾਰੀ ਨੀਤੀਆਂ ਦਾ ਮੁੱਖ ਮਨੋਰਥ ਹੈ ਪਰ ਪਰਾਲੀ ਮਸਲਾ ਹੁਣ ਕਿਸਾਨਾਂ ਦੀ ਅੱਖ ’ਚ ਰੋਡ਼ ਵਾਂਗ ਰਕਡ਼ਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 13 ਦੀ ਰੈਲੀ ਦੀ ਤਿਆਰੀ ਮੁਕੰਮਲ ਹੈ। ਪਿੰਡਾਂ ’ਚੋਂ ਸੈਂਕਡ਼ੇ ਕਿਸਾਨ ਬਰਨਾਲੇ ਜਾਣਗੇ ਤੇ ਪਰਾਲੀ ਦਾ ਮੁਆਵਜ਼ਾ ਜਾਂ ਅੱਗ ਦਾ ਐਲਾਨ ਕਰ ਕੇ ਆਉਣਗੇ। ਇਕ ਮੌਕੇ ਬਲਵਿੰਦਰ ਸਿੰਘ, ਨਛੱਤਰ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਸਰਵਨ ਸਿੰਘ, ਲਖਵਿੰਦਰ ਸਿੰਘ ਤੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।


Related News