ਰੇਲਵੇ ਮੰਡਲ ਫਿਰੋਜ਼ਪੁਰ ਨੇ ਚਲਾਈਆਂ ਦੂਜੇ ਦਿਨ 2 ਹੋਰ ਟਰੇਨਾਂ

06/03/2020 1:44:21 AM

ਫਿਰੋਜ਼ਪੁਰ, (ਭੁੱਲਰ, ਖੁੱਲਰ)— ਕੋਰੋਨਾ ਸੰਕਟ ਦੌਰਾਨ ਰੇਲਵੇ ਵਿਭਾਗ ਵਲੋਂ 200 ਟਰੇਨਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ ਜ਼ਰੂਰੀ ਕੰਮ ਅਨੁਸਾਰ ਲੋਕ ਯਾਤਰਾ ਕਰ ਰਹੇ ਹਨ। ਲਾਕਡਾਊਨ ਤੇ ਕਰਫਿਊ ਦੌਰਾਨ ਵੱਖ-ਵੱਖ ਸੂਬਿਆਂ 'ਚ ਫਸੇ ਪ੍ਰਵਾਸੀ ਲੋਕ ਵੀ ਇਨ੍ਹਾਂ ਟਰੇਨਾਂ ਰਾਹੀਂ ਆਪਣੀ ਮੰਜ਼ਿਲ ਤਕ ਪਹੁੰਚ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਰੇਲਵੇ ਮੰਡਲ ਫਿਰੋਜ਼ਪੁਰ ਦੇ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਅੱਜ ਦੂਸਰੇ ਦਿਨ ਮੰਡਲ ਅਧੀਨ ਆਉਂਦੇ ਅਮ੍ਰਿਤਸਰ ਸਟੇਸ਼ਨ ਤੋਂ 2 ਟਰੇਨਾਂ ਚਲਾਈਆਂ ਗਈਆਂ। ਜਿਨ੍ਹਾਂ ਰਾਹੀਂ ਵੱਖ-ਵੱਖ ਸਟੇਸ਼ਨਾਂ ਤੋਂ ਰਾਖਵੇਂ ਕੋਟੇ ਤਹਿਤ 80 ਪ੍ਰਤੀਸ਼ਤ ਯਾਤਰੀਆਂ ਨੇ ਟਰੇਨ ਦੀ ਸਵਾਰੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਟਰੇਨ ਚੱਲਣ ਤੋਂ 4 ਘੰਟੇ ਪਹਿਲਾਂ ਇਕ ਚਾਰਟ ਤਿਆਰ ਕੀਤਾ ਜਾਂਦਾ ਹੈ, ਜਿਸ 'ਚ ਦਰਸਾਇਆ ਜਾਂਦਾ ਹੈ ਕਿ ਟਰੇਨ 'ਚ ਕੋਈ ਸੀਟ ਖਾਲੀ ਹੈ ਜਾਂ ਨਹੀਂ।
ਉਨ੍ਹਾਂ ਦੱਸਿਆ ਕਿ ਜੇਕਰ ਕੋਈ ਸੀਟ ਖਾਲੀ ਹੁੰਦੀ ਹੈ ਤਾਂ ਯਾਤਰਾ ਦੇ ਇਛੂਕ 4 ਘੰਟੇ ਦੌਰਾਨ ਆਨਲਾਇਨ ਤੇ ਰੇਲਵੇ ਸਟੇਸ਼ਨ ਤੋਂ ਸੀਟ ਬੁਕਿੰਗ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਜਾਂਚ ਤੋਂ ਬਾਅਦ ਸਿਰਫ ਲੱਛਣ ਨਾ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਹੀ ਯਾਤਰਾ ਦੀ ਆਗਿਆ ਦਿੱਤੀ ਜਾਂਦੀ ਹੈ। ਸਾਰੇ ਯਾਤਰੀਆਂ ਨੂੰ ਟਰੇਨ 'ਚ ਬੋਰਡ ਤੋਂ ਪਹਿਲਾਂ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਾਉਣਾ ਨਿਸ਼ਚਿਤ ਕੀਤਾ ਗਿਆ ਹੈ। ਸਮਾਜਿਕ ਦੂਰੀ ਨਿਸ਼ਚਿਤ ਕਰਨ ਦੇ ਲਈ ਪਲੇਟਫਾਰਮ, ਬੈਂਟਾਂ ਤੇ ਵੇਟਿੰਗ ਹਾਲ 'ਚ ਮਾਰਕਿੰਗ ਕੀਤਾ ਗਿਆ ਹੈ। ਜਿਸ ਦਾ ਪਾਲਣ ਕਰਨ ਲਈ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ। ਟਰੇਨਾਂ ਦੀ ਸੂਚਨਾ ਐੱਲ. ਈ. ਡੀ. ਡਿਸਪਲੇਅ ਬੋਰਡ ਦੁਆਰਾ ਆਉਣ ਵਾਲੀਆਂ ਤੇ ਜਾਣ ਵਾਲੀਆਂ ਟਰੇਨਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਯਾਤਰੀਆਂ ਨੂੰ ਕੋਵਿਡ 19 ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ ਅਤੇ ਇਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਯਾਤਰੀਆਂ ਦੀ ਸੁਵਿਧਾ ਲਈ ਅਮ੍ਰਿਤਸਰ 'ਚ 5, ਜਲੰਧਰ ਸਿਟੀ 'ਚ 5 ਤੇ ਲੁਧਿਆਣਾ 'ਚ 6 ਕੈਟਰਿੰਗ ਸਟਾਲ ਖੁੱਲੇ ਰਹਿਣਗੇ। ਜਿੱਥੋਂ ਯਾਤਰੀ ਸਿਰਫ ਪੈਕ ਕੀਤਾ ਹੋਇਆ ਖਾਣਾ ਹੀ ਖਰੀਦ ਸਕਦਾ ਹੈ ਅਤੇ ਪਾਣੀ ਵੀ ਮੁਹੱਈਆ ਕਰਵਾਇਆ ਗਿਆ ਹੈ।

 


KamalJeet Singh

Content Editor

Related News