ਰੇਲ ਆਵਾਜਾਈ ਬਹਾਲ ਹੋਣ ਉਪਰੰਤ ਸੂਬੇ ਦੀ ਆਰਥਿਕਤਾ ਛੇਤੀ ਲੀਹ ''ਤੇ ਆਵੇਗੀ : ਬਾਂਸਲ
Tuesday, Nov 24, 2020 - 08:57 PM (IST)

ਬੁਢਲਾਡਾ,(ਬਾਂਸਲ)- ਪੰਜਾਬ 'ਚ ਰੇਲ ਆਵਾਜਾਈ ਬਹਾਲ ਹੋਣ 'ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਡਾ. ਮਨੋਜ ਮੰਜੂ ਬਾਂਸਲ ਨੇ ਕਿਸਾਨ ਯੂਨੀਅਨਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਰੇਲ ਆਵਾਜਾਈ ਦੇ ਮੁੜ ਸ਼ੁਰੂ ਹੋਣ ਨਾਲ ਵਪਾਰੀਆਂ, ਉਦਯੋਗਪਤੀਆਂ ਸਮੇਤ ਸਮੂਹ ਵਰਗਾਂ ਦੇ ਚਿਹਰਿਆਂ 'ਤੇ ਰੌਣਕ ਪਰਤ ਆਈ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਦੁਆਰਾ ਰੇਲਵੇ ਟਰੈਕ ਛੱਡਣ ਦੇ ਫੈਸਲੇ ਲਈ ਜਿਥੇ ਕਿਸਾਨ ਯੂਨੀਅਨਾਂ ਦੇ ਧੰਨਵਾਦੀ ਹਨ, ਉਥੇ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਸਰਕਾਰ ਦੁਆਰਾ ਇਸ ਸਬੰਧੀ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦਾ ਵੀ ਸਵਾਗਤ ਕਰਦੇ ਹਨ। ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਚਲਦਿਆਂ ਪਹਿਲਾਂ ਹੀ ਆਰਥਿਕਤਾ ਨੂੰ ਵੱਡੇ ਪੱਧਰ ਉੱਤੇ ਨੁਕਸਾਨ ਪੁੱਜ ਰਿਹਾ ਸੀ ਅਤੇ ਰੇਲਗੱਡੀਆਂ ਦੀ ਆਵਾਜਾਈ ਰੁਕਣ ਕਾਰਨ ਸੂਬੇ ਵਿਚ ਸਾਰੇ ਹੀ ਵਰਗਾਂ ਲਈ ਵੱਡਾ ਸੰਕਟ ਪੈਦਾ ਹੋ ਗਿਆ ਸੀ ਪਰ ਰੇਲ ਆਵਾਜਾਈ ਬਹਾਲ ਹੋਣ ਨਾਲ ਸੂਬੇ ਦੀ ਆਰਥਿਕਤਾ ਛੇਤੀ ਹੀ ਲੀਹ ਉਤੇ ਆ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਲਗਭਗ ਦੋ ਮਹੀਨਿਆਂ ਬਾਅਦ ਯਾਤਰੀ ਅਤੇ ਮਾਲ ਢੋਣ ਵਾਲੀਆਂ ਰੇਲ ਗੱਡੀਆਂ ਚੱਲਣ ਦੀ ਸ਼ੁਰੂਆਤ ਹੋਣ ਨਾਲ ਵੱਖ-ਵੱਖ ਵਰਗਾਂ ਨੂੰ ਰਾਹਤ ਮਿਲੀ ਹੈ ਅਤੇ ਵਪਾਰੀ ਵਰਗ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਿੱਜੀ ਤੌਰ 'ਤੇ ਕੇਂਦਰ ਸਰਕਾਰ ਕੋਲ ਮੁੱਦਾ ਚੁੱਕਣ ਲਈ ਧੰਨਵਾਦ ਕੀਤਾ ਹੈ।