ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਂਗਰਸ ’ਚ ਸ਼ਾਮਲ ਹੋਣ ’ਤੇ ਸਿਆਸੀ ਹਲਕਿਆਂ ’ਚ ਮਚੀ ਤਰਥੱਲੀ

12/04/2021 7:03:56 PM

ਮਾਨਸਾ (ਸੰਦੀਪ ਮਿੱਤਲ)-ਭਾਵੇਂ ਕਿ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਹਲਕਾ ਮਾਨਸਾ ਤੋਂ ਆਪਣਾ ਕੋਈ ਉਮੀਦਵਾਰ ਨਹੀਂ ਐਲਾਨਿਆ ਪਰ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ’ਤੇ ਸਿਆਸੀ ਹਲਕਿਆਂ ’ਚ ਤਰਥੱਲੀ ਮਚ ਗਈ ਹੈ। ਹੁਣ ਕਾਂਗਰਸ ਵੱਲੋਂ ਇਸ ਗਾਇਕ ਦੀ ਬਾਂਹ ਫੜਨ ’ਤੇ ਸਿਆਸੀ ਪਾਰਟੀਆਂ ਦੇ ਇਸ ਹਲਕੇ ਤੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ ਹੈ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਵਿਹੜੇ ’ਚ ਵੱਖ-ਵੱਖ ਤਰ੍ਹਾਂ ਦੀਆਂ ਚੰਗੀਆਂ-ਮਾੜੀਆਂ ਚਰਚਾਵਾਂ ਦਾ ਦੌਰ ਜਾਰੀ ਹੈ। ਇਸ ਹਲਕੇ ਦੇ ਲੋਕ ਕਾਂਗਰਸ ਦੇ ਇਸ ਕਦਮ ਨੂੰ ਬੜੀ ਹੈਰਾਨੀ ਨਾਲ ਦੇਖ ਰਹੇ ਹਨ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਅਤੇ ਵਰਕਰ ਸਿਰਫ਼ ਕੁਰਸੀ ਦੇ ਭੁੱਖੇ ਹਨ। ਉਨ੍ਹਾਂ ਨੂੰ ਇਸ ਹਲਕੇ ਦੇ ਲੋਕਾਂ ਦੀ ਕੋਈ ਸਾਰ ਨਹੀਂ। ਜੇਕਰ ਕਾਂਗਰਸ ਹਾਈਕਮਾਨ ਸਿੱਧੂ ਮੂਸੇਵਾਲਾ ਨੂੰ ਉਮੀਦਵਾਰ ਐਲਾਨ ਦਿੰਦੀ ਹੈ ਤਾਂ ਟਕਸਾਲੀ ਕਾਂਗਰਸੀ ਆਗੂ ਦੇ ਬਗਾਵਤੀ ਰੁਖ਼ ਦੀ ਮਾਰ ਪੈ ਸਕਦੀ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਪਾਰਟੀ ਲਈ ਦਿਨ-ਰਾਤ ਕੰਮ ਕਰਨ ਵਾਲਿਆਂ ਦੀ ਕੋਈ ਵੁੱਕਤ ਨਹੀਂ ਰਹੀ ਸਗੋਂ ਉਨ੍ਹਾਂ ਨੂੰ ਪਾਰਟੀ ਯੋਗਤਾ ਨੂੰ ਅੱਖੋਂ ਪਰੋਖੇ ਕਰ ਕੇ ਵਰਤਿਆ ਜਾ ਰਿਹਾ ਹੈ। ਇਸ ਵੇਲੇ ਵਿਧਾਨ ਸਭਾ ਹਲਕਾ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਸਵ. ਰਾਜ ਮੰਤਰੀ ਸ਼ੇਰ ਸਿੰਘ ਗਾਗੋਵਾਲ ਪਰਿਵਾਰ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਨਜੀਤ ਸਿੰਘ ਝੱਲਬੂਟੀ, ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ, ਜ਼ਿਲ੍ਹਾ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ, ਸੀਨੀਅਰ ਕਾਂਗਰਸੀ ਕੁਲਵੰਤ ਰਾਏ ਸਿੰਗਲਾ ਬਰੇਟਾ, ਯੂਥ ਆਗੂ ਚੁਸਪਿੰਦਰਵੀਰ ਸਿੰਘ ਚਹਿਲ, ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ, ਟਕਸਾਲੀ ਆਗੂ ਬਲਵਿੰਦਰ ਨਾਰੰਗ, ਸਾਬਕਾ ਮੰਤਰੀ ਦਾ ਪੋਤਾ ਬਬਲਜੀਤ ਸਿੰਘ ਖਿਆਲਾ ਸਮੇਤ ਅੱਧੀ ਦਰਜਨ ਹੋਰ ਕਾਂਗਰਸ ਪਾਰਟੀ ਟਿਕਟ ਹਾਸਲ ਕਰਨ ਲਈ ਸਰਗਰਮ ਹਨ।


Manoj

Content Editor

Related News