ਕਮਾਈਆਂ ਕਰਨ ਲਈ ਵਿਦੇਸ਼ ਗਏ ਪੁੱਤਰ ਦੀ ਮੌਤ, ਆਖਰੀ ਵਾਰ ਮੂੰਹ ਦੇਖਣ ਨੂੰ ਤਰਸੇ ਮਾਪੇ
Friday, Jun 30, 2017 - 12:04 PM (IST)

ਮੋਗਾ (ਪਵਨ ਗਰੋਵਰ/ ਗੋਪੀ ਰਾਊਕੇ)— ਦੁਨੀਆ 'ਤੇ ਸਭ ਤੋਂ ਵੱਡਾ ਦੁੱਖ ਜਵਾਨ ਪੁੱਤਰ ਦੀ ਲਾਸ਼ ਨੂੰ ਮੋਢਿਆਂ 'ਤੇ ਢੋਹਣਾ ਹੁੰਦਾ ਹੈ ਪਰ ਜਦੋਂ ਉਸ ਪੁੱਤਰ ਦਾ ਆਖਰੀ ਵਾਰ ਮੂੰਹ ਦੇਖਣ ਨੂੰ ਵੀ ਤਰਸਣਾ ਪਵੇ ਤਾਂ ਉਹ ਦੁੱਖ ਹੋਰ ਵੀ ਵੱਡਾ ਹੋ ਜਾਂਦਾ ਹੈ। ਦੋਹਾ ਕਤਰ ਵਿਖੇ 8 ਸਾਲ ਪਹਿਲਾਂ ਕਮਾਈਆਂ ਕਰਨ ਲਈ ਗਏ ਜ਼ਿਲਾ ਮੋਗਾ ਦੇ ਪਿੰਡ ਰਾਊਕੇ ਕਲਾਂ ਦੇ ਨੌਜਵਾਨ 36 ਸਾਲਾ ਜਗਜੀਤ ਸਿੰਘ ਜੱਗੀ ਦੀ ਇਕ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋ ਗਈ। ਜਗਜੀਤ ਦੋਹਾ ਕਤਰ ਵਿਚ ਟੈਕਸੀ ਡਰਾਈਵਰ ਸੀ ਅਤੇ ਸਵਾਰੀਆਂ ਨੂੰ ਕੰਮਾਂ 'ਤੇ ਛੱਡਣ ਲਈ ਜਾ ਰਿਹਾ ਸੀ ਕਿ ਅਚਾਨਕ ਟੈਕਸੀ ਦਾ ਟਾਇਰ ਫੱਟ ਗਿਆ ਅਤੇ ਉਹ ਪਲਟੀਆਂ ਖਾਂਦੀ ਜਾ ਡਿੱਗੀ। ਹਾਦਸੇ ਵਿਚ ਜਗਜੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਪੁੱਤਰ ਨੇ ਵਿਦੇਸ਼ ਜਾ ਕੇ ਕਮਾਈਆਂ ਕਰਨੀਆਂ ਸਨ, ਉਸ ਦੀ ਲਾਸ਼ ਨੂੰ ਪੰਜਾਬ ਲਿਆਉਣ ਲਈ ਵੀ ਉਸ ਦੇ ਮਾਪਿਆਂ ਨੂੰ ਮਸ਼ੱਕਤ ਕਰਨੀ ਪੈ ਰਹੀ ਹੈ।
ਜਗਜੀਤ ਆਪਣੇ ਪਿੱਛੇ ਪਤਨੀ ਕਰਮਜੀਤ ਕੌਰ ਅਤੇ ਇਕ ਬੇਟੇ ਹਰਜੀਤ ਸਿੰਘ ਨੂੰ ਛੱਡ ਗਿਆ ਹੈ। ਜਗਜੀਤ ਦੇ ਮਾਪੇ ਆਖਰੀ ਵਾਰ ਉਸ ਦਾ ਮੂੰਹ ਦੇਖਣ ਨੂੰ ਤਰਸ ਰਹੇ ਹਨ। ਮ੍ਰਿਤਕ ਜਗਜੀਤ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀਆਂ ਨੇ ਕਤਰ ਵਿਖੇ ਉਸ ਦੀ ਕੰਪਨੀ ਨਾਲ ਸੰਪਰਕ ਕੀਤਾ ਹੈ। ਦੂਜੇ ਪਾਸੇ ਦੋਹਾ ਕਤਰ ਵਿਖੇ ਛੁੱਟੀਆਂ ਹੋਣ ਕਾਰਨ ਜੱਗਜੀਤ ਦੀ ਲਾਸ਼ ਅਗਲੇ ਹਫਤੇ ਭਾਰਤ ਆਉਣ ਦੀ ਸੰਭਾਵਨਾ ਹੈ। ਉਸ ਦੀ ਮੌਤ ਦੀ ਖ਼ਬਰ ਦੇ ਪਹੁੰਚਣ ਨਾਲ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ ਹੈ।