ਪੰਜਾਬ ਟੂਡੇ ਦੇ ਚੇਅਰਮੈਨ ਜੇ. ਕੇ. ਜੈਨ ਬੋਲੇ, ਗੁਰਬਾਣੀ ਪ੍ਰਸਾਰਣ ਦਾ ਵਪਾਰੀਕਰਨ ਨਾ ਕਰੇ ਐੱਸ. ਜੀ. ਪੀ. ਸੀ.
Saturday, May 27, 2023 - 06:59 PM (IST)
ਚੰਡੀਗੜ੍ਹ (ਰਮਨਜੀਤ)-ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਦੇ ਚੱਲ ਰਹੇ ਮੁੱਦੇ ਨੂੰ ਲੈ ਕੇ ਸੂਬੇ ਦੇ ਪ੍ਰਸਿੱਧ ਟੀ. ਵੀ. ਪ੍ਰੋਗਰਾਮਿੰਗ ਅਤੇ ਪ੍ਰੋਡਕਸ਼ਨ ਮਾਹਿਰ ਜੇ. ਕੇ. ਜੈਨ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਜੈਨ ਦਾ ਕਹਿਣਾ ਹੈ ਕਿ ਪ੍ਰਸਾਰਣ ਅਧਿਕਾਰ ਦੇਣ ਲਈ ਐੱਸ. ਜੀ. ਪੀ. ਸੀ. ਟੈਂਡਰ ਪ੍ਰਕਿਰਿਆ ਅਪਣਾਉਣ ਦੀ ਬਜਾਏ ਗੁਰਬਾਣੀ ਦਾ ਪ੍ਰਸਾਰਣ ਐੱਸ. ਜੀ. ਪੀ. ਸੀ. ਨੂੰ ਖੁਦ ਹੀ ਕਰਨਾ ਚਾਹੀਦਾ ਹੈ। ਇਸ ਨਾਲ ਗੁਰਬਾਣੀ ਦਾ ਵਪਾਰੀਕਰਨ ਕਰਨ ਤੋਂ ਬਚਿਆ ਜਾ ਸਕੇਗਾ।
ਪੰਜਾਬ ਟੂਡੇ ਚੈਨਲ ਦੇ ਸੰਸਥਾਪਕ-ਚੇਅਰਮੈਨ ਜੈਨ ਨੇ ਕਿਹਾ ਕਿ ਮੈਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੇ ਮੁੱਦੇ ’ਤੇ ਐੱਸ. ਜੀ. ਪੀ. ਸੀ. ਦੇ ਯੂ-ਟਰਨ ਤੋਂ ਹੈਰਾਨ ਹਾਂ ਕਿਉਂਕਿ ਉਨ੍ਹਾਂ ਦੀ ਦੁਨੀਆ ਭਰ ’ਚ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਲਈ ਕੁਝ ਪ੍ਰੋਡਕਸ਼ਨ ਹਾਊਸਾਂ ਨੂੰ ਲੱਭਣ ਲਈ ਟੈਂਡਰ ਮੰਗਵਾਉਣ ਦੀ ਯੋਜਨਾ ਹੈ। ਇਹ ਹੈਰਾਨੀਜਨਕ ਹੈ ਕਿਉਂਕਿ ਪਹਿਲਾਂ ਐੱਸ. ਜੀ. ਪੀ. ਸੀ. ਨੇ ਕਿਹਾ ਸੀ ਕਿ ਗੁਰਬਾਣੀ ਦੇ ਪ੍ਰਸਾਰਣ ਲਈ ਉਨ੍ਹਾਂ ਦਾ ਆਪਣਾ ਸਮਰਪਿਤ ਚੈਨਲ ਹੋਵੇਗਾ।
ਜੈਨ ਨੇ ਕਿਹਾ ਕਿ ਮੈਂ ਐੱਸ. ਜੀ. ਪੀ. ਸੀ. ਪ੍ਰਬੰਧਨ ਤੋਂ ਇਹ ਵੀ ਪੁੱਛਣਾ ਚਾਹੁੰਦਾ ਹਾਂ ਕਿ ਕੀ ਇਹ ਪੂਰੀ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ ਦੇ ਯੋਗ ਹੋਵੇਗਾ ਤਾਂ ਜੋ ਟੈਂਡਰ ਪ੍ਰਕਿਰਿਆ ’ਚ ਅਸਲ ਮੁਕਾਬਲੇਬਾਜ਼ਾਂ ਨੂੰ ਗੁਰਬਾਣੀ ਪ੍ਰਸਾਰਿਤ ਕਰਨ ਦਾ ਮੌਕਾ ਮਿਲ ਸਕੇ? ਉਸ ਚੈਨਲ ਖਿਲਾਫ ਦੋਸ਼ ਹੈ, ਜਿਸ ਕੋਲ ਟੈਲੀਕਾਸਟ ਦੇ ਅਧਿਕਾਰ ਹਨ ਕਿ ਉਸ ਨੇ ਗੁਰਬਾਣੀ ਪ੍ਰਸਾਰਣ ਦਾ ਵਪਾਰੀਕਰਨ ਕੀਤਾ ਹੈ। ਐੱਸ. ਜੀ. ਪੀ. ਸੀ. ਇਹ ਕਿਵੇਂ ਯਕੀਨੀ ਬਣਾਏਗਾ ਕਿ ਇਕਰਾਰਨਾਮਾ ਪ੍ਰਾਪਤ ਕਰਨ ਵਾਲਾ ਸੰਗਠਨ ਪ੍ਰਸਾਰਣ ਦਾ ਵਪਾਰੀਕਰਨ ਨਹੀਂ ਕਰੇਗਾ? ਜੈਨ ਨੇ ਕਿਹਾ ਕਿ ਟੈਂਡਰ ਪ੍ਰਕਿਰਿਆ ਰਾਹੀਂ ਪਵਿੱਤਰ ਗੁਰਬਾਣੀ ਦਾ ਵਪਾਰੀਕਰਨ ਕਰਨ ਦੀ ਬਜਾਏ ਐੱਸ. ਜੀ. ਪੀ. ਸੀ. ਨੂੰ ਹੀ ਗੁਰਬਾਣੀ ਦਾ ਪ੍ਰਸਾਰਣ ਕਰਨਾ ਚਾਹੀਦਾ ਹੈ।
ਜੈਨ ਨੇ ਕਿਹਾ ਕਿ ਉਹ ਐੱਸ. ਜੀ. ਪੀ. ਸੀ. ਨੂੰ ਪ੍ਰਸਾਰਣ ਲਈ ਚੈਨਲ ਸਥਾਪਿਤ ਕਰਨ ’ਚ ਸਾਰੀ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਲਈ ਤਿਆਰ ਹਨ। ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਮੁਫ਼ਤ ਪ੍ਰਸਾਰਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਜੈਨ ਨੇ ਕਿਹਾ ਕਿ ਉਹ ਅਜੇ ਵੀ ਉਸ ਪੇਸ਼ਕਸ਼ ’ਤੇ ਕਾਇਮ ਹਨ ਅਤੇ ਜੇਕਰ ਐੱਸ. ਜੀ. ਪੀ. ਸੀ. ਕਹਿੰਦੀ ਹੈ ਤਾਂ ਉਹ ਚੈਨਲ ਸ਼ੁਰੂ ਕਰਨ ਲਈ ਵਚਨਬੱਧ ਹਨ। ਜੈਨ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਨੂੰ ਗੁਰਬਾਣੀ ਪ੍ਰਸਾਰਣ ਦਾ ਵਪਾਰੀਕਰਨ ਨਹੀਂ ਕਰਨਾ ਚਾਹੀਦਾ।
24 ਘੰਟੇ ਕੀਤਾ ਜਾਣਾ ਹੈ ਗੁਰਬਾਣੀ ਦਾ ਪ੍ਰਸਾਰਣ
ਜੈਨ ਨੇ ਕਿਹਾ ਕਿ ਉਨ੍ਹਾਂ ਕਾਫ਼ੀ ਸਮਾਂ ਪਹਿਲਾਂ ਐੱਸ. ਜੀ. ਪੀ. ਸੀ. ਨੂੰ ਇਕ ਪ੍ਰਸਤਾਵ ਦਿੱਤਾ ਸੀ, ਜਿਸ ਤਹਿਤ ਬਿਨਾਂ ਕਿਸੇ ਇਸ਼ਤਿਹਾਰ ਦੇ 24 ਘੰਟੇ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਣਾ ਸੀ। ਜੈਨ ਨੇ ਕਿਹਾ ਕਿ ਉਨ੍ਹਾਂ ਦੀ ਇਕੋ ਸ਼ਰਤ ਇਹ ਹੋਵੇਗੀ ਕਿ ਉਨ੍ਹਾਂ ਦੀ ਫੀਡ ਦੀ ਵਰਤੋਂ ਕਰਨ ਵਾਲੇ ਨੈੱਟਵਰਕ ਇਸ਼ਤਿਹਾਰਾਂ ਆਦਿ ਰਾਹੀਂ ਏਅਰ ਟਾਈਮ ਵੇਚ ਕੇ ਉਸ ਦਾ ਵਪਾਰੀਕਰਨ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਹ ਸ਼ੁੱਧ ਤੌਰ ’ਤੇ ਗੁਰਬਾਣੀ, ਸ਼ਬਦ ਕੀਰਤਨ ਅਤੇ ਸਿੱਖ ਧਰਮ ਸਟ੍ਰੀਮਿੰਗ ਪ੍ਰਾਜੈਕਟ ਹੋਵੇਗਾ।