ਪੰਜਾਬ ''ਚ 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਟਰੇਨਾਂ ਰੋਕਣ ਲਈ 30 ਜਥੇਬੰਦੀਆਂ ਦੀ ਸਾਂਝੀ ਮੀਟਿੰਗ

09/27/2020 5:31:15 PM

ਸੰਗਰੂਰ (ਸਿੰਗਲਾ): ਖੇਤੀ ਵਿਰੋਧੀ ਆਰਡੀਨੈਂਸਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਹੋਰ ਤੇਜ਼ ਕਰਨ ਲਈ ਦਿੱਤੇ ਰੇਲ ਰੋਕੋ ਅੰਦੋਲਨ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਦੀ ਪ੍ਰਧਾਨਗੀ ਹੇਠ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਹੋਈ। ਮੀਟਿੰਗ 'ਚ ਬੀ.ਕੇ.ਯੂ. ਡਕੋਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ,ਬੀ.ਕੇ.ਯੂ. ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ,ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਤਵਾਰ ਸਿੰਘ ਬਾਦਸ਼ਾਹਪੁਰ,ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਰੱਦ ਕਰਵਾਉਣ ਲਈ ਅੱਜ ਪੰਜਾਬ ਦਾ ਹਰ ਕਿਸਾਨ ਕੁਰਬਾਨੀ ਦੇਣ ਲਈ ਤਿਆਰ ਹੈ। 

ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਬਿਜਲੀ ਬਿੱਲ 2020 ਨੂੰ ਲਾਗੂ ਕਰਕੇ ਬਿਜਲੀ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਜਾ ਰਹੀ ਹੈ। ਕਾਰਪੋਰੇਟ ਕੰਪਨੀਆਂ ਨੂੰ ਮੁਨਾਫ਼ੇ ਦੇਣ ਲਈ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਜਦਕਿ ਕੱਚਾ ਤੇਲ 34 ਡਾਲਰ ਪ੍ਰਤੀ ਬੈਰਲ ਤੋਂ ਥੱਲੇ ਹੈ ਅਤੇ ਪੂਰੇ ਭਾਰਤ 'ਚ ਬੁੱਧੀਜੀਵੀਆਂ ਨੂੰ ਜ਼ੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਇਨ੍ਹਾਂ ਲੋਕ ਮਾਰੂ, ਖੇਤੀ ਮਾਰੂ ਫੈਸਲਿਆਂ ਖਿਲਾਫ 5 ਜੂਨ ਤੋਂ ਹੀ ਪੰਜਾਬ ਦੇ ਕਿਸਾਨਾਂ ਵੱਲੋਂ ਸੰਘਰਸ਼ ਲੜਿਆ ਜਾ ਰਿਹਾ ਹੈ। 

ਪੰਜਾਬ ਦੀ ਕਿਸਾਨ ਲਹਿਰ ਨੇ ਚੰਗਾ ਫੈਸਲਾ ਕਰਦਿਆਂ ਇਕਜੁੱਟ ਸੰਘਰਸ਼ ਦਾ ਐਲਾਨ ਕੀਤਾ ਹੈ। ਇਹ ਹਾਲਤਾਂ ਦੀ ਲੋੜ ਹੈ, ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਵਿਰੁੱਧ ਫੈਸਲੇ ਕਰ ਰਹੀ ਹੈ ਪਰ ਕਾਰਪੋਰੇਟ ਘਰਾਣਿਆਂ ਦੇ ਪੱਖ ਦੇ ਫ਼ੈਸਲੇ ਲਾਗੂ ਕਰ ਰਹੀ ਹੈ।ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਜਗਸੀਰ ਸਿੰਘ ਨਮੋਲ,ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਸੂਬਾ ਸਕੱਤਰ ਹਰਦੇਵ ਸਿੰਘ ਦਰੋਗੇਵਾਲ,ਜਮਹੂਰੀ ਕਿਸਾਨ ਸਭਾ ਦੇ ਆਗੂ ਸਰਬਜੀਤ ਸਿੰਘ ,ਅਮਰੀਕ ਸਿੰਘ ਕਾਂਝਲਾ ਪੰਜਾਬ ਕਿਸਾਨ ਸਭਾ ਦੇ ਆਗੂ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਜਲੂਰ ਨੇ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਦੇ ਕਾਨੂੰਨ ਬਣ ਜਾਣ ਤੋਂ ਬਾਅਦ ਕਿਸਾਨ ਜਿਹੜੇ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣ ਜਾਣਗੇ।

ਕਿਸਾਨ ਆਗੂਆਂ ਨੇ ਕਿਹਾ ਅੱਜ ਦੀ ਮੀਟਿੰਗ 'ਚ ਜ਼ਿਲ੍ਹੇ ਦੀਆਂ 12 ਕਿਸਾਨ ਜਥੇਬੰਦੀਆਂ ਸ਼ਾਮਲ ਹੋਈਆਂ ਅਤੇ ਐਲਾਨ ਕੀਤਾ ਕਿ 1 ਅਕਤੂਬਰ ਨੂੰ  ਰੇਲ ਪਟੜੀਆਂ ਤੇ ਧਰਨੇ ਲਗਾਕੇ ਅਣਮਿੱਥੇ ਸਮੇਂ ਲਈ ਰੇਲਾਂ ਦੀ ਆਵਾਜਾਈ ਠੱਪ ਕੀਤੀ ਜਾਵੇਗੀ ਅਤੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ।ਕਿਸਾਨ ਆਗੂਆਂ ਨੇ  ਪੰਜਾਬ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਹਨਾਂ ਧਰਨਿਆਂ ਵਿੱਚ ਘਰ-ਘਰ ਦਾ ਕਿਸਾਨ ਸਾਮਿਲ ਹੋਵੇ।ਇਸ ਮੌਕੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਜੌਲੀਆ,ਬਲਾਕ ਪ੍ਰਧਾਨ ਹਰੀ ਸਿੰਘ ਚੱਠਾ, ਪਿਆਰਾ ਭੰਗੂ,ਕਸਮੀਰ ਸਿੰਘ ਕਾਕੜਾ,ਨਿਰਮਲ ਸਿੰਘ ਬਟਿੜਾਣਾ,ਇਸ ਮੌਕੇ ਸੁਖਦੇਵ ਸਿੰਘ ਉਭਾਵਾਲ,ਹਰਜੀਤ ਸਿੰਘ ਮੰਗਵਾਲ,ਗੁਰਮੇਲ ਸਿੰਘ ਲੌਗੋਵਾਲ,ਅਜੈਬ ਸਿੰਘ ਸੰਗਰੇੜੀ,ਭੁਪਿੰਦਰ ਸਿੰਘ ਲਾਂਗੜੀਆਂ ,ਰਾਮਫਲ ਸਿੰਘ ਪੰਜਾਬ ਕਿਸਾਨ ਯੂਨੀਅਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਵਰਕਰ ਹਾਜਰ ਸਨ।


Shyna

Content Editor

Related News