ਵਿਦਿਆਰਥੀਆਂ ਦੇ ਰੋਹ ਅੱਗੇ ਝੁਕਿਆ PU ਪ੍ਰਸ਼ਾਸਨ, ਪ੍ਰੋ. ਸੁਰਜੀਤ ਸਿੰਘ ਨੂੰ ਕੀਤਾ ਸਸਪੈਂਡ
Thursday, Nov 09, 2023 - 01:00 PM (IST)

ਪਟਿਆਲਾ (ਮਨਦੀਪ ਜੋਸਨ) : ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ’ਤੇ ਚੱਲ ਰਿਹਾ ਸੰਘਰਸ਼ ਬਵਾਲ ਦਾ ਰੂਪ ਧਾਰਨ ਕਰ ਚੁੱਕਾ ਹੈ। ਜਸ਼ਨਦੀਪ ਕੌਰ ਇਨਸਾਫ਼ ਮੋਰਚਾ ਵੱਲੋਂ ਵਿਦਿਆਰਥੀਆਂ ਨਾਲ ਮਾੜਾ ਅਤੇ ਅਸ਼ਲੀਲ ਵਿਵਹਾਰ ਕਰਨ ਵਾਲੇ ਯੂਨੀਵਰਸਿਟੀ ਦੇ ਕਥਿਤ ਦੋਸ਼ੀ ਪ੍ਰੋਫ਼ੈਸਰ ਸੁਰਜੀਤ ਸਿੰਘ ਸਬੰਧੀ ਕਾਨੂੰਨੀ ਕਾਰਵਾਈ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਦੋਵੇਂ ਮੇਨ ਗੇਟ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਨਾਲ ਕਈ ਘੰਟੇ ਗੇਟ ਬੰਦ ਰਹੇ। ਸਮੁੱਚੇ ਮੁਲਾਜ਼ਮ ਤੇ ਵਿਦਿਆਰਥੀ ਸਭ ਬਾਹਰ ਰਹੇ ਤੇ ਕਾਫ਼ੀ ਖੱਜਲ-ਖੁਆਰ ਹੋਏ। ਮਾਮਲਾ ਵਧਦਾ ਦੇਖ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਜਸ਼ਨਦੀਪ ਮਾਮਲੇ ’ਚ ਦੋਸ਼ੀ ਪ੍ਰੋ. ਸੁਰਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਹੋਈ ਅਤੇ ਵਿਦਿਆਰਥਣਾਂ ਨੇ ਦੋਸ਼ ਲਾਏ ਸਨ ਕਿ ਪ੍ਰੋਫ਼ੈਸਰ ਵੱਲੋਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨਾਲ ਮਾੜਾ ਅਤੇ ਅਸ਼ਲੀਲ ਵਿਵਹਾਰ ਕੀਤਾ ਜਾਂਦਾ ਹੈ। ਇਸ ਸਬੰਧੀ 2 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਕੋਲ ਵਿਦਿਆਰਥੀਆਂ ਦੁਆਰਾ ਆਪਣੇ ਬਿਆਨ ਦਰਜ ਕਰਵਾਏ ਗਏ ਸਨ। ਉਸ ਆਧਾਰ ’ਤੇ ਤਿਆਰ ਰਿਪੋਰਟ 13 ਅਕਤੂਬਰ ਨੂੰ ਆ ਚੁੱਕੀ ਹੈ। ਰਿਪੋਰਟ ਅਨੁਸਾਰ ਪ੍ਰੋਫ਼ੈਸਰ ਦਾ ਵਿਵਹਾਰ ਅਧਿਆਪਕ ਦੇ ਪੱਧਰ ਤੋਂ ਨੀਵਾਂ ਅਤੇ ਅਸ਼ਲੀਲ ਸੀ। 20 ਅਕਤੂਬਰ ਨੂੰ ਯੂਨੀਵਰਸਿਟੀ ਵੱਲੋਂ ਪ੍ਰੋਫ਼ੈਸਰ ਸੁਰਜੀਤ ਸਿੰਘ ਨੂੰ ਨਿਆਂਇਕ ਨਿਯਮਾਂ ਅਧੀਨ ਚਾਰਜਸ਼ੀਟ ਕਰ ਦਿੱਤਾ ਗਿਆ ਸੀ ਅਤੇ ਆਪਣਾ ਪੱਖ ਪੇਸ਼ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਕਿਸ਼ਤਾਂ 'ਚ ਰਿਸ਼ਵਤ ਲੈਣ ਵਾਲਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ, ਪਹਿਲਾਂ ਲੈ ਚੁੱਕਾ ਸੀ 3,000
ਮਿਤੀ 06-11-2023 ਨੂੰ 15 ਦਿਨ ਪੂਰੇ ਹੋਣ ਉਪਰੰਤ ਜਸ਼ਨਦੀਪ ਕੌਰ ਇਨਸਾਫ਼ ਮੋਰਚੇ ਵੱਲੋਂ ਸਬੰਧਤ ਪ੍ਰੋਫ਼ੈਸਰ 'ਤੇ ਕਾਰਵਾਈ ਸਬੰਧੀ ਵਿਚਾਰ-ਚਰਚਾ ਹੋਈ। ਇਸ ’ਚ ਉਕਤ ਦੋਸ਼ੀ ਪ੍ਰੋਫੈਸਰ ਉੱਪਰ ਕਾਰਵਾਈ ਨੂੰ ਲੈ ਕੇ ਵਾਈਸ ਚਾਂਸਲਰ ਵੱਲੋਂ ਆਨਾਕਾਨੀ ਕੀਤੀ ਗਈ। ਉਕਤ ਦੋਸ਼ੀ 'ਤੇ ਸਬੰਧਤ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਹਉਮੈ ਨਾਲ ਭਰੇ ਵਾਈਸ ਚਾਂਸਲਰ ਸਾਹਿਬ ਨੇ ਮੋਰਚੇ ਦੇ ਕਾਰਕੁੰਨਾਂ ਪਾਸੋਂ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਰੋਸ ਵਜੋਂ ਦੋਸ਼ੀ ਪ੍ਰੋਫੈਸਰ 'ਤੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਵਿਦਿਆਰਥੀਆਂ ਨੇ ਮਿਤੀ 08-11-2023 ਨੂੰ ਯੂਨੀਵਰਸਿਟੀ ਦਾ ਮੇਨ ਗੇਟ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ’ਚ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਰੋਸ ’ਚ ਪ੍ਰਦਰਸ਼ਨ ਦਾ ਹਿੱਸਾ ਬਣੇ। ਮ੍ਰਿਤਕ ਜਸ਼ਨਦੀਪ ਕੌਰ ਦੇ ਭਰਾ ਪ੍ਰਦੀਪ ਸਿੰਘ ਅਤੇ ਉਸ ਦੇ ਪਿੰਡ ਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਅਤੇ ਗਵਰਨਰ ਤੋਂ ਇਨਸਾਫ਼ ਲਈ ਗੁਹਾਰ ਲਾਈ। ਦੇਰ ਸ਼ਾਮ ਸੈਂਕੜੇ ਵਿਦਿਆਰਥੀਆਂ ਦੇ ਰੋਹ ਅੱਗੇ ਝੁਕਦਿਆਂ ਜਿੱਥੇ ਯੂਨੀਵਰਸਿਟੀ ਨੇ ਪ੍ਰੋ. ਸੁਰਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਸੀ, ਉੱਥੇ ਇਸ ਕੇਸ ਦੀ ਜਾਂਚ ਹੁਣ ਸੇਵਾ ਮੁਕਤ ਜ਼ਿਲ੍ਹਾ ਸੈਸ਼ਨ ਜੱਜ ਵੀ.ਕੇ. ਗੁਪਤਾ ਦੇ ਹਵਾਲੇ ਕਰ ਦਿੱਤੀ ਹੈ। ਪੰਜਾਬੀ ਯੂਨੀਵਰਸਿਟੀ ਰਜਿਸਟਰਾਰ ਨਵਜੋਤ ਕੌਰ ਨੇ ਪ੍ਰੋ. ਸੁਰਜੀਤ ਸਿੰਘ ਦੀ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਇਸ ਤੋਂ ਪਹਿਲਾਂ ਪ੍ਰੋ. ਸੁਰਜੀਤ ਸਿੰਘ ਖਿਲਾਫ਼ ਮੁੱਢਲੀ ਜਾਂਚ ਸੇਵਾ-ਮੁਕਤ ਵਧੀਕ ਜੱਜ ਜਸਵਿੰਦਰ ਸਿੰਘ ਨੇ ਕੀਤੀ ਸੀ ਪਰ ਉਨ੍ਹਾਂ ਨਾਲ ਇਕ ਮੈਂਬਰ ਡਾ. ਹਰਸ਼ਇੰਦਰ ਕੌਰ ਵੀ ਸਨ, ਜਿਨਾਂ ਨੇ ਸੇਵਾ-ਮੁਕਤ ਵਧੀਕ ਸੈਸ਼ਨ ਜੱਜ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ’ਤੇ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਪਣੀ ਰਿਪੋਰਟ ਡੀ.ਸੀ. ਪਟਿਆਲਾ ਨੂੰ ਸਬਮਿਟ ਕਰ ਦਿੱਤੀ ਸੀ। ਯੂਨੀਵਰਸਿਟੀ ਪ੍ਰਸ਼ਾਸਨ ’ਤੇ ਪਹਿਲਾਂ ਵੀ ਦੋਸ਼ ਲੱਗਦੇ ਰਹੇ ਹਨ ਕਿ ਉਹ ਪ੍ਰੋ. ਸੁਰਜੀਤ ਸਿੰਘ ਨੂੰ ਬਚਾਉਂਦੇ ਰਹੇ ਹਨ। ਪੰਜਾਬੀ ਯੂਨੀਵਰਸਿਟੀ ਨੇ ਇਕ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਆਖਿਆ ਹੈ ਕਿ ਯੂਨੀਵਰਸਿਟੀ ਦੇ ਮਾਹੌਲ ਨੂੰ ਅਕਾਮਿਕ ਠੀਕ ਕਰਨ ਲਈ ਜਾਂਚ ਅੱਗੇ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਧੀ ਦੇ ਜਨਮ 'ਤੇ ਦਿੱਤੀ ਜਾਵੇਗੀ ਵਿੱਤੀ ਰਾਸ਼ੀ
ਡੀਨ ਭਲਾਈ ਨੇ ਲਿਆ ਮੰਗ ਪੱਤਰ : ਕਾਰਵਾਈ ਦਾ ਦਿੱਤਾ ਭਰੋਸਾ
ਆਗੂਆਂ ਦੇ ਰੋਸ ਪ੍ਰਦਰਸ਼ਨ ’ਚ ਯੂਨੀਵਰਸਿਟੀ ਪ੍ਰਸ਼ਾਸਨ ਦੇ ਡੀਨ ਭਲਾਈ ਦੇ ਡਾ. ਹਰਵਿੰਦਰ ਕੌਰ ਨੇ ਮੰਗ-ਪੱਤਰ ਲੈਂਦੇ ਹੋਏ ਦੋਸ਼ੀ ਪ੍ਰੋਫੈਸਰ ਉੱਪਰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਪਟਿਆਲਾ ਦੇ ਡੀ.ਐੱਸ.ਪੀ. ਜਸਵਿੰਦਰ ਸਿੰਘ ਟਿਣਾਵਾ ਨੇ ਭਰੋਸਾ ਦਿਵਾਇਆ ਕਿ ਦੋਸ਼ੀ ਉੱਪਰ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਪਰੰਤ ਮੋਰਚੇ ਦੇ ਆਗੂਆਂ ਵੱਲੋਂ ਸਹਿਮਤੀ ਲੈਂਦੇ ਹੋਏ ਰੋਸ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਗਿਆ। ਚਿਤਾਵਨੀ ਵੀ ਦਿੱਤੀ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦੋਸ਼ੀ ਉੱਪਰ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ ਤਾਂ ਆਉਣ ਵਾਲੇ ਅਗਲੇ ਦਿਨਾਂ 'ਚ ਮੁੜ ਵੱਡੀ ਗਿਣਤੀ ’ਚ ਪੱਕਾ ਮੋਰਚਾ ਲਾਇਆ ਜਾਵੇ।
ਸੁਰਜੀਤ ਸਿੰਘ ਦੇ ਹੱਕ ’ਚ ਕੁਝ ਵਿਦਿਆਰਥੀਆਂ ਵੱਲੋਂ ਵੀ ਲਗਾਇਆ ਧਰਨਾ
ਪ੍ਰੋ. ਸੁਰਜੀਤ ਸਿੰਘ ਦੇ ਹੱਕ ’ਚ ਹਿੰਸਾ ਖਿਲਾਫ਼ ਸਾਂਝਾ ਮੋਰਚਾ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਲਗਾਇਆ ਧਰਨਾ ਵੀ ਕੁਝ ਵਿਦਿਆਰਥੀਆਂ ਵੱਲੋਂ ਜਾਰੀ ਰਿਹਾ। ਇਸ ’ਚ ਡਾ. ਧਰਮਵੀਰ ਗਾਂਧੀ ਵੀ ਪੁੱਜੇ। ਇਨ੍ਹਾਂ ਵਿਦਿਆਰਥੀਆਂ ਨੇ ਪੁਰਾਣੀ ਮੰਗ ਨੂੰ ਦੁਹਰਾਇਆ ਕਿ ਪ੍ਰੋ. ਸੁਰਜੀਤ ਸਿੰਘ ਨਾਲ ਇਨਸਾਫ਼ ਹੋਣਾ ਚਾਹੀਦਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਭੁੱਖ ਹੜਤਾਲ ਵੀ ਕੀਤੀ।
ਇਹ ਵੀ ਪੜ੍ਹੋ : 30 ਹਜ਼ਾਰ ਰਿਸ਼ਵਤ ਲੈਂਦਾ ਜੰਗਲਾਤ ਵਿਭਾਗ ਦਾ ਅਫ਼ਸਰ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8