ਵੱਖ-ਵੱਖ ਜਥੇਬੰਦੀਆਂ ਵਲੋਂ ਕਸ਼ਮੀਰੀ ਲੋਕਾਂ ਦੇ ਹੱਕ ’ਚ ਕੱਢਿਆ ਰੋਸ ਮਾਰਚ

Friday, Sep 13, 2019 - 10:30 PM (IST)

ਵੱਖ-ਵੱਖ ਜਥੇਬੰਦੀਆਂ ਵਲੋਂ ਕਸ਼ਮੀਰੀ ਲੋਕਾਂ ਦੇ ਹੱਕ ’ਚ ਕੱਢਿਆ ਰੋਸ ਮਾਰਚ

ਰਾਮਪੁਰਾ ਫੂਲ, (ਤਰਸੇਮ)- ਹਿੰਦੂਤਵੀ ਫਾਸ਼ੀਵਾਦ ਵਿਰੋਧੀ ਫੋਰਮ ਦੇ ਸੱਦੇ ਤਹਿਤ ਫੂਲ ਟਾਊਨ ਦੇ ਭਗਤ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਵੱਖ-ਵੱਖ ਜਨਤਕ ਅਤੇ ਇਨਕਲਾਬੀ ਜਮਹੂਰੀ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਇਕੱਠੇ ਹੋਏ। ਇਥੋਂ ਕਸ਼ਮੀਰੀ ਲੋਕਾਂ ਦੇ ਹੱਕ ’ਚ ਨਾਅਰੇ ਮਾਰਦੇ ਹੋਏ ਰੋਸ ਮੁਜ਼ਾਹਰੇ ਦੀ ਸ਼ਕਲ ’ਚ ਐੱਸ. ਡੀ. ਐੱਮ. ਦਫ਼ਤਰ ਰਾਮਪੁਰਾ ਫੂਲ ਪੁੱਜ ਕੇ ਕਾਨਫਰੰਸ ਕੀਤੀ ਗਈ। ਕਾਨਫਰੰਸ ਨੂੰ ਲੋਕ ਸੰਗਰਾਮ ਮੰਚ ਦੀ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ, ਇਨਕਲਾਬੀ ਲੋਕ ਮੋਰਚਾ ਦੇ ਸੂਬਾ ਪ੍ਰਧਾਨ ਲਾਲ ਸਿੰਘ ਗੋਲੇਵਾਲਾ, ਪੰਜਾਬ ਸਟੂਡੈਂਟ ਯੂਨੀਅਨ ਦੀ ਸੂਬਾਈ ਆਗੂ ਸੰਗੀਤਾ, ਜਮਹੂਰੀ ਅਧਿਕਾਰ ਸਭਾ ਦੇ ਮਾਸਟਰ ਅਵਤਾਰ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਰੱਦ ਕੀਤੀਆਂ ਧਾਰਾਵਾਂ 370 ਅਤੇ 35 ਏ ਤੁਰੰਤ ਬਹਾਲ ਕਰਨ ਅਤੇ ਸਾਰੀਆਂ ਪਾਬੰਦੀਆਂ ਚੁੱਕੀਆਂ ਜਾਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸੁਪਰੀਮ ਕੋਰਟ ਵੱਲੋਂ ਕਿਸਾਨ ਆਗੂ ਮਨਜੀਤ ਧਨੇਰ ਨੂੰ ਦਿੱਤੀ ਉਮਰ ਕੈਦ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਵਰਕਰ ਵੀ ਰੋਸ ’ਚ ਸ਼ਾਮਲ ਹੋਏ। ਜਿਨ੍ਹਾਂ ਦੀ ਅਗਵਾਈ ਪ੍ਰੈਕਟੀਸ਼ਨਰ ਜਗਤਾਰ ਸਿੰਘ ਅਤੇ ਟੀ. ਐੱਸ. ਓ. ਦੇ ਆਗੂ ਨਰਿੰਦਰ ਪਾਲ ਨੇ ਕੀਤੀ। ਕਾਨਫਰੰਸ ਦੇ ਅਖੀਰ ਤੇ ਐੱਸ. ਡੀ. ਐੱਮ. ਫੂਲ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਕੁਲਵੰਤ ਸੇਲਬਰਾਹ, ਜਗਸੀਰ ਮਹਿਰਾਜ, ਮਾਸਟਰ ਗੁਰਨਾਮ ਸਿੰਘ, ਗੁਰਮੇਲ ਸਿੰਘ ਜੰਡਾਂਵਾਲਾ ਅਤੇ ਬਲਜਿੰਦਰ ਕੇਟਡ਼ਾ ਨੰਦਗਡ਼੍ਹ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਸਟੇਜ ਦੀ ਕਾਰਵਾਈ ਇਨਕਲਾਬੀ ਲੋਕ ਮੋਰਚਾ ਦੇ ਜ਼ਿਲਾ ਪ੍ਰਧਾਨ ਬਲਵੰਤ ਸਿੰਘ ਮਹਿਰਾਜ ਨੇ ਨਿਭਾਈ ।


author

Bharat Thapa

Content Editor

Related News