''ਅਗਨੀਪਥ ਯੋਜਨਾ'' ਵਿਰੋਧ ਕਿਸਾਨ ਜਥੇਬੰਦੀਆਂ ਨੇ ਐੱਸ.ਡੀ.ਐੱਮ ਦਫ਼ਤਰ ਵਿਖੇ ਦਿੱਤਾ ਧਰਨਾ
Friday, Jun 24, 2022 - 02:37 PM (IST)
ਭਵਾਨੀਗੜ(ਕਾਂਸਲ) : ਅਗਨੀਪਥ ਯੋਜਨਾਂ ਨੂੰ ਵਾਪਸ ਲੈਣ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਦੇ ਦਿਨ ਨੂੰ ਅਗਨੀਪਥ ਰੋਸ ਦਿਵਸ ਦੇ ਤੌਰ 'ਤੇ ਮਨਾਉਂਦਿਆਂ ਬਲਾਕ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਐੱਸ.ਡੀ.ਐੱਮ ਦਫ਼ਤਰ ਵਿਖੇ ਰੋਸ ਧਰਨਾ ਦਿੰਦਿਆਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਦੀ ਅਗਵਾਈ ਹੇਠ ਤਹਿਸੀਲਦਾਰ ਹਰਸਿਮਰਨਜੀਤ ਸਿੰਘ ਨੂੰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਦੀ ਅਗਵਾਈ ਹੇਠ ਐੱਸ.ਡੀ.ਐੱਮ. ਦਫ਼ਤਰ ਦੀ ਸੁਪਰਡੈਂਟ ਮੈਡਮ ਜਸਵਿੰਦਰ ਕੌਰ ਰਾਹੀ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਦਾ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂਆਂ ’ਚ ਨੇ ਮਾਣਯੋਗ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ 'ਅਗਨੀਪਥ ਯੋਜਨਾ' ਰਾਹੀਂ ਦੇਸ਼, ਜਵਾਨਾਂ ਤੇ ਕਿਸਾਨਾਂ ਦੇ ਭਵਿੱਖ ਨਾਲ ਹੋਣ ਜਾ ਰਹੇ ਖਿਲਵਾੜ ਨੂੰ ਬੰਦ ਕਰਵਾਇਆ ਜਾਵੇ।
ਇਹ ਵੀ ਪੜ੍ਹੋ- ਦਿਮਾਗੀ ਤੌਰ 'ਤੇ ਪਰੇਸ਼ਾਨ 35 ਸਾਲਾ ਵਿਅਕਤੀ ਨੇ ਕੀਤੀ ਖੁਦਕੁਸ਼ੀ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਭਾਰਤੀ ਫੌਜ ਵਿਚ ਭਰਤੀ ਦੇ ਪੁਰਾਣੇ ਢੰਗ ਨੂੰ ਖਤਮ ਕਰਕੇ ਇਸ ਯੋਜਨਾ ਤਹਿਤ ਫੌਜ ਦੀ ਭਰਤੀ ਵਿਚ ਕਈ ਵੱਡੇ ਅਤੇ ਦੂਰਗਾਮੀ ਬਦਲਾਅ ਕਰਦੇ ਹੋਏ, ਫੌਜ ਵਿਚ ਸਥਾਈ ਨੌਕਰੀਆਂ ਲਈ ਜਵਾਨਾਂ ਦੀ ਸਿੱਧੀ ਭਰਤੀ ਨੂੰ ਰੋਕ ਦਿੱਤਾ ਗਿਆ ਹੈ। ਕੁਝ ਸਮੇਂ ਪਹਿਲਾਂ ਫੌਜ ਅਤੇ ਹਵਾਈ ਸੈਨਾ ਵਿਚ ਭਰਤੀ ਦੀ ਸ਼ੁਰੂ ਹੋਈ ਪ੍ਰਕਿਰਿਆ ਨੂੰ ਵੀ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਹੁਣ ਤੋਂ ਫੌਜ ‘ਚ ਭਰਤੀ ਸਿਰਫ 4 ਸਾਲ ਦੀ ਠੇਕੇ ‘ਤੇ ਹੀ ਹੋਵੇਗੀ। ਇਨ੍ਹਾਂ ਕਾਰਨਾਂ ਦੇ ਚੱਲਦਿਆਂ ਜੋ ਨੌਜਵਾਨ ਭਰਤੀ ਹੋਣਾ ਚਾਹੁੰਦੇ ਹਨ ਉਨ੍ਹਾਂ ਦੀਆਂ ਉਮੀਦਾਂ 'ਤੇ ਸਰਕਾਰ ਪਾਣੀ ਫੇਰ ਰਹੀ ਹੈ। ਇਸ ਲਈ ਰੋਸ ਜਤਾ ਕੇ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਅਗਨੀਪਥ ਸਕੀਮ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ। ਇਸ ਸਕੀਮ ਤਹਿਤ ਭਰਤੀ ਦਾ ਨੋਟੀਫਿਕੇਸਨ ਵਾਪਸ ਲਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਗਨੀਪਥ ਸਕੀਮ ਨੂੰ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਅੰਦੋਲਨ ਦੀ ਤਰ੍ਹਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਸ਼ੁੱਭਦੀਪ ਔਲਖ ਨੇ ਵਧਾਇਆ ਬਠਿੰਡਾ ਦਾ ਮਾਣ, ਭਾਰਤੀ ਹਵਾਈ ਸੈਨਾ 'ਚ ਬਣਿਆ ਪਾਇਲਟ
ਇਸ ਮੌਕੇ ਕਰਾਂਤੀਕਾਰੀ ਕਿਸਾਨ ਯੂਨੀਅਨ, ਪ੍ਰਧਾਨ ਡਾ ਦਰਸ਼ਨ ਪਾਲ , ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਜੀਤ ਸਿੰਘ ਜੌਲੀਆਂ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ, ਗੁਰਬਖ਼ਸ਼ੀਸ਼ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਕਰਨੈਲ ਸਿੰਘ ਕਾਕੜਾ, ਕਸ਼ਮੀਰ ਸਿੰਘ ਕਾਕੜਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ, ਸੁਖਦੇਵ ਸਿੰਘ ਬਾਲਦ ਕਲਾਂ ਜਨਰਲ ਸਕੱਤਰ, ਰਣਧੀਰ ਸਿੰਘ ਭੱਟੀਵਾਲ ਜੋਰਾ ਸਿੰਘ ਤੇ ਮਹਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਮੌਜੂਦ ਸਨ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ , ਕੁਮੈਂਟ ਕਰਕੇ ਦਿਓ ਜਵਾਬ।