ਨਾਰਵੇ 'ਚ ਕੁਰਾਨ ਸ਼ਰੀਫ ਅੱਗ ਦੇ ਹਵਾਲੇ ਕਰਨ ਦਾ ਲੁਧਿਆਣਾ 'ਚ ਵਿਰੋਧ

Friday, Nov 29, 2019 - 05:32 PM (IST)

ਨਾਰਵੇ 'ਚ ਕੁਰਾਨ ਸ਼ਰੀਫ ਅੱਗ ਦੇ ਹਵਾਲੇ ਕਰਨ ਦਾ ਲੁਧਿਆਣਾ 'ਚ ਵਿਰੋਧ

ਲੁਧਿਆਣਾ (ਜੱਸੋਵਾਲ, ਸਲੂਜਾ): ਇਤਿਹਾਸਕ ਜਾਮਾ ਮਸਜਿਦ ਦੇ ਬਾਹਰ ਜੁੰਮੇ ਦੀ ਨਮਾਜ਼ ਤੋਂ ਬਾਅਦ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਮੁਸਲਮਾਨਾਂ ਨੇ ਨਾਰਵੇ ਵਿਚ ਹੋਈ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਵਿਰੁੱਧ 'ਚ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਰਵੇ ਸਰਕਾਰ ਦਾ ਪੁਤਲਾ ਫੂਕਿਆ ਅਤੇ ਪਵਿੱਤਰ ਕੁਰਾਨ ਸ਼ਰੀਫ ਜਲਾਉਣ ਵਾਲਿਆਂ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਨਾਰਵੇ ਦੀ ਐਂਟੀ ਇਸਲਾਮ ਸੰਸਥਾ ਪਵਿੱਤਰ ਕੁਰਾਨ ਸ਼ਰੀਫ ਨੂੰ ਜਲਾ ਕੇ ਸ਼ਾਇਦ ਇਹ ਸਮਝ ਰਹੀ ਹੈ ਕਿ ਉਹ ਦੁਨੀਆ ਤੋਂ ਮੁਸਲਮਾਨਾਂ ਨੂੰ ਖਤਮ ਕਰ ਦੇਵੇਗੀ ਜਦਕਿ ਇਸਲਾਮ ਦਾ ਇਤਿਹਾਸ ਹੈ ਕਿ ਜਿੱਥੇ-ਜੁੱਥੇ ਵੀ ਕੁਰਾਨ ਸ਼ਰੀਫ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉੱਥੇ-ਉੱਥੇ ਇਸਲਾਮ ਪਹਿਲਾਂ ਤੋਂ ਜ਼ਿਆਦਾ ਹੋਰ ਮਜ਼ਬੂਤ ਹੋਇਆ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਪਵਿੱਤਰ ਕੁਰਾਨ ਮੁਸਲਮਾਨਾਂ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰਾ ਹੈ ਅਤੇ ਕੁਰਾਨ ਸ਼ਰੀਫ ਦੁਨੀਆ ਭਰ ਦੇ ਇਨਸਾਨਾਂ ਲਈ ਭਲਾਈ ਅਤੇ ਬਰਾਬਰੀ ਦੀ ਗੱਲ ਕਰਦਾ ਹੈ, ਜੋ ਜ਼ੁਲਮ ਕਰਨ ਵਾਲਿਆਂ ਨੂੰ ਚੰਗੀ ਨਹੀਂ ਲਗਦੀ। ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਨੇ ਕਿਹਾ ਕਿ ਨਾਰਵੇ 'ਚ ਇਸਲਾਮ ਵਿਰੋਧੀ ਮੁਜ਼ਾਹਰੇ 'ਚ ਪਵਿੱਤਰ ਕੁਰਾਨ ਨੂੰ ਜਲਨ ਤੋਂ ਬਚਾਉਣ ਵਾਲਾ ਨੌਜਵਾਨ ਉਮਰ ਇਲਿਆਸ ਅੱਜ ਦੁਨੀਆ ਭਰ ਦੇ ਮੁਸਲਮਾਨਾਂ ਦਾ ਹੀਰੋ ਹੈ ਅਤੇ ਹਰੇਕ ਮੁਸਲਮਾਨ ਉਮਰ ਇਲਿਆਸ ਨੂੰ ਸਲਾਮ ਕਰਦਾ ਹੈ।

ਉਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਕਿ ਇਸਲਾਮ ਵਿਰੋਧੀ ਅਨਸਰ ਦੁਨੀਆ ਭਰ 'ਚ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ 'ਚ ਲਗੇ ਹੋਏ ਹਨ ਪਰ ਸਾਨੂੰ ਵਿਰੋਧੀਆਂ ਦੀ ਇਸ ਸਾਜ਼ਿਸ਼ ਨੂੰ ਸਮਝਦੇ ਹੋਏ ਇਸ ਨੂੰ ਨਾਕਾਮ ਕਰਨਾ ਚਾਹੀਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਵੀ ਦੇਸ਼ ਦੇ ਕਰੋੜਾਂ ਮੁਸਲਮਾਨਾਂ ਦੀਆਂ ਭਾਵਨਾਵਾਂ ਤੋਂ ਨਾਰਵੇ ਸਰਕਾਰ ਨੂੰ ਜਾਣੂ ਕਰਵਾਉਣ।


author

Shyna

Content Editor

Related News