ਬਠਿੰਡਾ ’ਚ ਜੰਗਲਾਤ ਵਿਭਾਗ ਦੇ ਦਫ਼ਤਰ ਦੀਆਂ ਕੰਧਾਂ ’ਤੇ ਲਿਖੇ ਖਾਲਿਸਤਾਨ ਪੱਖੀ ਨਾਅਰੇ

10/03/2022 1:00:49 PM

ਬਠਿੰਡਾ (ਸੁਖਵਿੰਦਰ) : ਬਠਿੰਡਾ ਵਿਖੇ ਜੰਗਲਾਤ ਵਿਭਾਗ ਦੇ ਦਫ਼ਤਰ ਦੀਆਂ ਕੰਧਾਂ ’ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਅਤੇ ਹੋਰ ਕਈ ਤਰ੍ਹਾਂ ਦੇ ਨਾਅਰੇ ਲਿਖਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖਾਲਿਸਤਾਨੀ ਨਾਅਰੇ ਲਿਖੇ ਜਾਣ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੇ ਹੱਥ ਪੈਰ ਫੁਲ ਗਏ। ਥਾਣਾ ਸਦਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰ ਕੇ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਪਰੋਕਤ ਨਾਅਰੇ ਖਾਲਿਸਤਾਨ ਲਈ ਰੈਫਰੈਂਡਮ ਕਰਵਾਉਣ ਲਈ ਲਿਖੇ ਗਏ ਹਨ।

ਇਹ ਵੀ ਪੜ੍ਹੋ- ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ’ਚ ਪੰਜਾਬ ਪੁਲਸ ਮੁਲਾਜ਼ਮਾਂ ’ਤੇ ਵੱਡੀ ਕਾਰਵਾਈ

ਜ਼ਿਕਰਯੋਗ ਹੈ ਕਿ ਉਕਤ ਨਾਅਰੇ ਲਿਖਣ ਤੋਂ ਬਾਅਦ ਇਸ ਦੀ ਇਕ ਵੀਡੀਓ ਬਣਾਈ ਗਈ ਸੀ, ਜਿਸ ਨੂੰ ਪੰਨੂੰ ਨੇ ਆਪਣੀ ਵੀਡੀਓ ਵਿਚ ਸ਼ਾਮਲ ਕਰ ਕੇ ਜਾਰੀ ਕੀਤਾ। ਵਾਇਰਲ ਹੋਈ ਵੀਡੀਓ ’ਚ ਗੁਰਪਤਵੰਤ ਪੰਨੂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਸੂਚਿਤ ਕਰਨ ਲਈ ਉਕਤ ਨਾਅਰੇ ਲਿਖੇ ਗਏ ਹਨ ਕਿ 26 ਜਨਵਰੀ 2023 ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ’ਚ ਖਾਲਿਸਤਾਨ ਦੀ ਸ਼ੁਰੂਆਤ ਹੋਵੇਗੀ। ਉਸਨੇ ਵੀਡੀਓ ’ਚ ਕਿਹਾ ਕਿ ਸਿੱਖਾਂ ਨੇ ਪੰਜਾਬ ਦੀ ਆਜ਼ਾਦੀ ਲਈ ਭਾਰੀ ਕੁਰਬਾਨੀਆਂ ਕੀਤੀਆਂ ਹਨ ਅਤੇ ਹੁਣ ਇਕ ਵਾਰ ਫਿਰ ਪੰਜਾਬ ਨੂੰ ਆਜ਼ਾਦੀ ਦਿਵਾਈ ਜਾਵੇਗੀ ਅਤੇ ਪਾਕਿਸਤਾਨ ਦੇ ਗੁਆਂਢ ਵਿਚ ਖਾਲਿਸਤਾਨ ਦੀ ਸਥਾਪਨਾ ਕੀਤੀ ਜਾਵੇਗੀ। ਉਕਤ ਨਾਅਰਿਆਂ ’ਚ ਖਾਲਿਸਤਾਨ ਪੱਖੀ ਨਾਅਰਿਆਂ ਦੇ ਨਾਲ-ਨਾਲ ਸਿੱਖ ਮੁਸਲਿਮ ਭਾਈ-ਭਾਈ ਅਤੇ ਹੋਰ ਕਈ ਨਾਅਰੇ ਵੀ ਲਿਖੇ ਹੋਏ ਸਨ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News