ਖ਼ਜ਼ਾਨਾ ਮੰਤਰੀ ਚੀਮਾ ਦੇ ਹਲਕੇ 'ਚ ਨਿੱਜੀ ਸਕੂਲਾਂ ਵੱਲੋਂ ਲੁੱਟ ਜਾਰੀ, ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਸਕੂਲਾਂ ਨੂੰ ਚਿਤਾਵ

Tuesday, Apr 05, 2022 - 10:33 AM (IST)

ਦਿੜ੍ਹਬਾ ਮੰਡੀ ( ਅਜੈ ) : ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵਿਧਾਨ ਸਭਾ ਹਲਕਾ ਦਿੜ੍ਹਬਾ ਅੰਦਰ ਬਿਨਾਂ ਕਿਸੇ ਡਰ ਭੈਅ ਦੇ ਨਿੱਜੀ ਸਕੂਲਾਂ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਸੈਸ਼ਨ ਦੌਰਾਨ ਮਾਪਿਆਂ ਦੀ ਲੁੱਟ ਪਹਿਲਾਂ ਨਾਲੋਂ ਵੀ ਜ਼ਿਆਦਾ ਮਚਾਈ ਜਾ ਰਹੀ ਹੈ, ਕਿਉਂਕਿ ਫੀਸਾਂ, ਟਰਾਂਸਪੋਰਟ ਤੇ ਸਾਲਾਨਾ ਫੰਡਜ ਵਿੱਚ ਵਾਧਾ ਕਰਨ ਦੇ ਨਾਲ ਕੁਝ ਕੁ ਕਿਤਾਬਾਂ ਦੇ ਪੰਨ੍ਹੇ ਬਦਲ ਕੇ ਬੱਚਿਆਂ ਨੂੰ ਹਰ ਸਾਲ ਨਵੀਆਂ ਕਿਤਾਬਾਂ ਦੇਣ ਦੀ ਲੁੱਟ ਪਹਿਲਾਂ ਦੀ ਤਰ੍ਹਾਂ ਇਸ ਸਾਲ ਵੀ ਲਗਾਤਾਰ ਜਾਰੀ ਹੈ । ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ ) ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਸਾਦੀਹਰੀ ਨੇ ਕਿਹਾ ਕਿ ਆਮ ਘਰਾਂ ਦੇ ਵਿਦਿਆਰਥੀ ਅਗਲੇ ਸੈਸ਼ਨ ਲਈ ਪੁਰਾਣੀਆਂ ਕਿਤਾਬਾਂ ਵਰਤੋਂ ’ਚ ਲਿਆ ਸਕਦੇ ਹਨ ਪਰ ਸਕੂਲ ਪ੍ਰਬੰਧਕਾਂ ਵੱਲੋਂ ਆਪਣੇ ਨਿੱਜੀ ਸਵਾਰਥ ਦੀ ਪੂਰਤੀ ਲਈ ਕੁਝ ਕੁ ਕਿਤਾਬਾਂ ਦਾ ਸਿਲੇਬਸ ਬਦਲ ਕੇ ਵਿਦਿਆਰਥੀਆਂ ਨੂੰ ਕਿਤਾਬਾਂ ਦਾ ਪੂਰਾ ਸੈਟ ਲੈਣ ਲਈ ਹੀ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਸਾਲਾਨਾ ਫੰਡਜ ਤੋਂ ਲੈ ਕੇ ਬਾਕੀ ਸਾਰੇ ਖਰਚੇ ਜਿਉਂ ਦੀ ਤਿਉਂ ਚੱਲਣ ਦੀ ਬਜਾਏ ਸਗੋਂ ਵਧਾ ਦਿੱਤੇ ਗਏ ਹਨ। ਸਕੂਲਾਂ ਵਾਲੇ ਲੋਕ ਹਿੱਤਾਂ ਦੀ ਇਮਾਨਦਾਰੀ ਨਾਲ ਰਾਖੀ ਕਰਨ ਦਾ ਵਾਅਦਾ ਕਰਕੇ ਸਤਾ ਵਿੱਚ ਆਈ ‘ਆਪ’ ਦੀ ਸਰਕਾਰ ਨੂੰ ਸ਼ਰੇਆਮ ਲੁੱਟ ਕਰਨ ਦਾ ਸੁਨੇਹਾ ਦੇ ਕੇ ਰੋਕਣ ਲਈ ਵੰਗਾਰ ਰਹੇ ਹਨ, ਕਿਉਂਕਿ ਕਿਸੇ ਵੀ ਸਕੂਲ ਦੇ ਪ੍ਰਬੰਧਕ ’ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਐਲਾਨਾਂ ਦਾ ਕੋਈ ਪ੍ਰਭਾਵ ਪੈਂਦਾ ਨਜ਼ਰ ਨਹੀ ਆ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮਾਪਿਆਂ ਵੱਲੋਂ ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਖ਼ਿਲਾਫ਼ ਕੀਤੇ ਲੰਮੇਂ ਸੰਘਰਸ਼ ਦੌਰਾਨ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਾਲੰਟੀਅਰਜ ਨੇ ਉਸ ਸਮੇਂ ਦੀ ਸਰਕਾਰ ਵੱਲੋਂ ਨਿੱਜੀਂ ਸਕੂਲਾਂ ਨੂੰ ਦਿੱਤੀ ਜਾ ਰਹੀ ਲੁੱਟ ਕਰਨ ਦੀ ਖੁੱਲ ਦੇ ਖ਼ਿਲਾਫ਼ ਆਪਣੀ ਅਹਿਮ ਭੂਮਿਕਾ ਨਿਭਾਈ ਸੀ ਪਰ ਹੁਣ ਪੰਜਾਬ ਅੰਦਰ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਨਿੱਜੀ ਸਕੂਲਾਂ ਦੀ ਲੁੱਟ ਖ਼ਿਲਾਫ਼ ਕਿਸੇ ਵੀ ਆਪ ਵਰਕਰ ਨੇ ਆਪਣੀ ਆਵਾਜ਼ ਬੁਲੰਦ ਕਰਨ ਦੀ ਖੇਚਲ ਨਹੀਂ ਕੀਤੀ। 

ਇਹ ਵੀ ਪੜ੍ਹੋ : ਗੁਰੂਹਰਸਹਾਏ ਦੇ ਨੌਜਵਾਨ ਦੀ ਵਾਇਰਲ ਵੀਡੀਓ ਨੇ ਫੈਲਾਈ ਸਨਸਨੀ, 'ਆਪ' ਕਾਰਕੁਨ ਨੇ ਚੁੱਕੇ ਵੱਡੇ ਸਵਾਲ

ਭਾਰਤੀ ਕਿਸਾਨ ਯੂਨੀਅਨ ਏਕਤਾ ( ਸਿਧੂਪੁਰ ) ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਨਿੱਜੀ ਸਕੂਲਾਂ ਵੱਲੋਂ ਸਾਲ 2022-23 ਦਾ ਨਵਾਂ ਸੈਸ਼ਨ ਸ਼ੁਰੂ ਹੋਣ ਦੇ ਨਾਲ ਮਚਾਈ ਜਾਣ ਵਾਲੀ ਲੁੱਟ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਕਈ ਸਕੂਲਾਂ ਵੱਲੋਂ ਫੀਸਾਂ, ਸਲਾਨਾ ਵੰਡ, ਕਿਤਾਬਾਂ-ਕਾਪੀਆਂ, ਵਰਦੀਆਂ ਅਤੇ ਟਰਾਂਸਪੋਰਟ ਆਦਿ ਦੇ ਖਰਚੇ ਪਿਛਲੇ ਸਾਲ ਨਾਲੋਂ ਵਧਾ ਦਿੱਤੇ ਹਨ। ਕਿਤਾਬਾਂ ਵਿੱਚ ਹਜ਼ਾਰਾਂ ਰੁਪਏ ਦਾ ਚੂਨਾ ਲਗਾਉਣ ਲਈ ਪੂਰੇ ਸੈਟ ਵਿੱਚੋਂ ਜਾ ਤਾਂ ਕੁਝ ਕਿਤਾਬਾਂ ਬਦਲ ਦਿੱਤੀਆਂ ਜਾਂਦੀਆਂ ਹਨ ਜਾਂ ਫਿਰ ਕੁਝ ਕਿਤਾਬਾਂ ਦੇ ਪੰਨੇ ਨਵੇਂ ਪਾ ਦਿੱਤੇ ਜਾਂਦੇ ਹਨ।  ਸਮਾਜ ਸੇਵੀ ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਸਕੂਲਾਂ ਵੱਲੋਂ ਕਿਤਾਬਾਂ ਦੀ ਖਰੀਦ ਵਿੱਚ ਮਚਾਈ ਜਾ ਰਹੀ ਅੰਨ੍ਹੀ ਲੁੱਟ ਤੋਂ ਇਲਾਵਾ ਸਲਾਨਾ ਫੰਡਜ, ਟਿਊਸ਼ਨ ਫੀਸਾਂ, ਟਰਾਂਸਪੋਰਟ ਅਤੇ ਹੋਰ ਬੇਲੋੜੇ ਖਰਚੇ ਬਿਨ੍ਹਾਂ ਕਿਸੇ ਡਰ ਭੈਅ ਤੋਂ ਵਧਾ ਦਿੱਤੇ ਗਏ ਹਨ। ਜਿਸ ਕਰਕੇ ਬਹੁਗਿਣਤੀ ਮਾਪਿਆਂ ਦੀਆਂ ਜੇਬਾਂ ’ਤੇ ਸਿੱਧਾ ਆਰਥਿਕ ਡਾਕਾ ਵੱਜਣਾ ਸ਼ੁਰੂ ਹੋ ਗਿਆ ਹੈ, ਪਰ ਇਸ ਕਥਿਤ ਲੁੱਟ ਨੂੰ ਰੋਕਣ ਲਈ ‘ਆਪ’ ਸਰਕਾਰ ਵੀ ਬਿਲਕੁਲ ਬੇਬੱਸ ਤੇ ਲਾਚਾਰ ਨਜ਼ਰ ਆ ਰਹੀ ਹੈ ਅਤੇ ਨਿੱਜੀ ਸਕੂਲਾਂ ਵਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਚੈਂਲਜ਼ ਕਰ ਰਹੇ ਹਨ ਕਿ ਨਿੱਜੀ ਸਕੂਲਾਂ ਵੱਲੋਂ ਮਚਾਈ ਜਾਣ ਵਾਲੀ ਲੁੱਟ ਨੂੰ ਕੋਈ ਨਹੀ ਰੋਕ ਸਕਦਾ। ਇਸ ਲੁੱਟ ਤੋਂ ਪੀੜਤ ਵੱਡੀ ਗਿਣਤੀ ਮਾਪਿਆਂ, ਕਿਸਾਨ ਆਗੂ ਦਰਸ਼ਨ ਸਿੰਘ ਸਾਦੀਹਰੀ, ਰਣ ਸਿੰਘ ਚੱਠਾ ਅਤੇ ਬ੍ਰਿਸ ਭਾਨ ਬੁਜਰਕ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਕਿ ਨਿੱਜੀ ਸਕੂਲਾਂ ਵੱਲੋਂ ਆਪ ਮੁਹਾਰੇ ਮਚਾਈ ਜਾ ਰਹੀ ਲੁੱਟ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਨਹੀਂ ਤਾਂ ਲੋਕਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਹੁਣ ਦੇਖਣਾ ਹੋਵੇਗਾ ਕਿ ਸੂਬੇ ਦੇ ਆਮ ਲੋਕਾਂ ਦੀ ਨਵੀਂ ਸਰਕਾਰ ਇਸ ਮਾਮਲੇ ਨੂੰ ਲੈ ਕੇ ਆਮ ਲੋਕਾਂ ਦੀ ਗੱਲ ਸੁਣਦੀ ਹੈ ਜਾ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ : ਬਜ਼ੁਰਗ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਸਰਕਾਰ ਵੱਲੋਂ ਨਿਰਧਾਰਿਤ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਸਕੂਲਾਂ ਖ਼ਿਲਾਫ਼ ਲਿਆ ਜਾਵੇਗਾ ਐਕਸ਼ਨ : ਜ਼ਿਲ੍ਹਾ ਸਿੱਖਿਆ ਅਫਸਰ
 
ਇਸ ਮਾਮਲੇ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ( ਸੈਂਕੰਡਰੀ ) ਡਾ. ਕੁਲਤਰਨਜੀਤ ਸਿੰਘ ਨੂੰ ਆਪ ਦੀ ਸਰਕਾਰ ਆਉਣ ਤੋਂ ਬਾਅਦ ਨਵੇਂ ਸੈਸ਼ਨ ਦੌਰਾਨ ਨਿੱਜੀ ਸਕੂਲਾਂ ਨੂੰ ਕੀਤੀਆਂ ਗਈਆਂ ਹਦਾਇਤਾਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਸਕੂਲਾਂ ਲਈ ਨਵੀਆਂ ਹਦਾਇਤਾਂ ਸਬੰਧੀ ਲਿਖਤੀ ਰੂਪ ਵਿੱਚ ਕੋਈ ਪੱਤਰ ਨਹੀਂ ਆਇਆ ਪਰ ਫਿਰ ਵੀ ਜੇਕਰ ਕੋਈ ਸਕੂਲ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਨਿਯਮਾਂ ਦੇ ਉਲਟ ਚੱਲਦਾ ਹੈ ਤਾਂ ਉਸ ਸਕੂਲ ਖ਼ਿਲਾਫ਼ ਸ਼ਿਕਾਇਤ ਆਉਣ ’ਤੇ ਸਖ਼ਤ ਐਕਸ਼ਨ ਲਿਆ ਜਾਵੇਗਾ।  

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਚੇਤ ਦੇ ਨਵਰਾਤਿਆਂ ’ਤੇ ਦਿੱਤੀਆਂ ਸ਼ੁੱਭਕਾਮਨਾਵਾਂ

ਕਿਸੇ ਵੀ ਤਰ੍ਹਾਂ ਦੀ ਮਨਮਾਨੀ ਕਰਨ ਵਾਲੇ ਨਿੱਜੀ ਸਕੂਲ ਖ਼ਿਲਾਫ਼ ਹੋਵੇਗੀ ਸਖਤ ਕਾਰਵਾਈ. ਐਸ.ਡੀ.ਐਮ. ਦਿੜ੍ਹਬਾ

ਇਸ ਸਬੰਧੀ ਐਸ.ਡੀ.ਐਮ. ਦਿੜ੍ਹਬਾ ਰਾਜੇਸ ਕੁਮਾਰ ਸਰਮਾਂ ਨੂੰ ਪੁੱਛਿਆ ਗਿਆ ਕਿ ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਨੂੰ ਰੋਕਣ ਲਈ ਮਾਪਿਆਂ ਵੱਲੋਂ ਕੋਈ ਸਿਕਾਇਤ ਜਾਂ ਤੁਸੀ ਆਪਣੇ ਪੱਧਰ ’ਤੇ ਕੋਈ ਕਾਰਵਾਈ ਕੀਤੀ ਹੋਵੇ ਤਾਂ ਉਨ੍ਹਾ ਕਿਹਾ ਕਿ ਮੇਰੇ ਇਹ ਮਸਲਾ ਤੁਹਾਡੇ ਵੱਲੋਂ ਦੱਸਣ ਤੇ ਧਿਆਨ ਵਿੱਚ ਆਇਆਂ ਹੈ, ਜਿਸ ਕਰਕੇ ਮੈਂ ਹੁਣੇ ਇਸ ਸਬੰਧੀ ਰਿਪੋਰਟ ਮੰਗਦਾ ਹਾਂ ਤੇ ਇਸ ਤੋਂ ਬਾਅਦ ਸਾਰੇ ਸਕੂਲ ਮਾਲਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਵੱਲੋਂ ਫੀਸਾਂ, ਟਰਾਂਸਪੋਰਟ ਜਾ ਹੋਰ ਕਿਸੇ ਵੀ ਤਰ੍ਹਾਂ ਦੇ ਫੰਡਜ ਵਿੱਚ ਕੀਤੇ ਵਾਧੇ ਸਬੰਧੀ ਪੁੱਛਿਆ ਜਾਵੇਗਾ ਕਿ ਇਹ ਕਿਸ ਦੀ ਮਨਜ਼ੂਰੀ ਤਹਿਤ ਕੀਤਾ ਗਿਆ ਹੈ । ਉਨ੍ਹਾਂ ਨਾਲ ਹੀ ਹਰ ਸਾਲ ਸਾਰੀਆਂ ਕਲਾਸਾਂ ਦੀਆਂ ਕੁਝ ਕਿਤਾਬਾਂ ਬਦਲਣ ਜਾ ਕੁਝ ਪੇਜ ਬਦਲਣ ’ਤੇ ਕਿਸੇ ਖਾਸ ਦੁਕਾਨ ਤੋਂ ਕਿਤਾਬਾਂ ਦੀ ਖਰੀਦ ਕਰਨ ਬਾਰੇ ਕਿਹਾ ਕਿ ਸ਼ਿਕਾਇਤ ਆਉਣ ’ਤੇ ਇਸ ਤਰ੍ਹਾਂ ਦੀ ਮਨਮਾਨੀ ਕਰਨ ਵਾਲੇ ਸਕੂਲ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।  

ਜੋ ਸਰਕਾਰ ਦੇ ਨਿਯਮ ਹਨ ਸਕੂਲਾਂ ’ਤੇ ਉਹੀ ਲਾਗੂ ਹੋਣਗੇ : ਡਿਪਟੀ ਕਮਿਸ਼ਨਰ ਸੰਗਰੂਰ

ਜਦੋਂ ਨਿੱਜੀ ਸਕੂਲਾਂ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰਾ ਜ਼ੋਰਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਅੱਜ ਮੈਂ ਚੰਡੀਗੜ ਮੀਟਿੰਗ ਵਿੱਚ ਹਾਂ ਬਾਕੀ ਕੱਲ ਆ ਕੇ ਚੈਂਕ ਕਰਦਾ ਹਾਂ ਕਿ ਨੋਟੀਫਿਕੇਸ਼ਨ ਵਿੱਚ ਕੀ ਹੈ? ਉਸ ਤੋਂ ਬਾਅਦ ਜੋ ਸਰਕਾਰ ਦੇ ਨਿਯਮ ਹਨ ਨਿੱਜੀ ਸਕੂਲਾਂ ’ਤੇ ਉਹੀ ਲਾਗੂ ਹੋਣਗੇ ਕਿਸੇ ਨੂੰ ਵੀ ਉਨ੍ਹਾਂ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੇਵੇਗੀ। ਜਦੋਂ ਨਿੱਜੀ ਸਕੂਲਾਂ ਸਬੰਧੀ ਪੰਜਾਬ ਦੇ ਨੌਜਵਾਨ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਉਨ੍ਹਾਂ ਦੇ ਫੋਨ ’ਤੇ ਗੱਲ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਤਾਂ ਉਨ੍ਹਾ ਦਾ ਫੋਨ ਬੰਦ ਆ ਰਿਹਾ ਸੀ। ਜਦੋਂ ਇਸ ਸਬੰਧੀ ਦਿੜ੍ਹਬਾ ਤੋਂ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News