ਆੜ੍ਹਤੀਆਂ ਨੂੰ ਸਰਕਾਰ ਕੰਡਿਆਂ ਤੋਂ ਘਸੀਟ ਰਹੀ ਹੈ: ਚੀਮਾ

06/23/2020 6:11:21 PM

ਸੰਗਰੂਰ  (ਬੇਦੀ): ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਆੜ੍ਹਤੀਆਂ ਨੂੰ ਮੌਜੂਦਾ ਹਾਲਾਤ ਤੋਂ ਜਾਣੂ ਕਰਾਉਣ ਉਪਰੰਤ ਪ੍ਰੈੱਸ ਨੂੰ ਜਾਰੀ ਬਿਆਨ 'ਚ ਕਿਹਾ ਕਿ ਕੈਪਟਨ ਸਰਕਾਰ ਆੜ੍ਹਤੀਆਂ ਨੂੰ ਕੰਡਿਆਂ ਤੋਂ ਘਸੀਟ ਰਹੀ ਹੈ ਉਨ੍ਹਾਂ ਕਿਹਾ ਸਾਡੇ ਦੇਸ਼ ਦੀਆਂ ਬਾਕੀ ਸੂਬਾ ਸਰਕਾਰਾਂ ਵਲੋਂ ਕੋਰੋਨਾ ਦੇ ਹਾਲਾਤ ਦਾ ਸਾਹਮਣਾ ਕਰਨ ਲਈ ਆਪਣੇ ਨਾਗਰਿਕਾਂ ਨੂੰ ਰਾਸ਼ਨ ਸਮੇਤ ਮਾਲੀ ਮਦਦ ਦੇ ਰਹੀਆਂ ਹਨ ਪਰ ਕੈਪਟਨ ਸਰਕਾਰ ਆੜ੍ਹਤੀਆਂ ਅਤੇ ਮੰਡੀ ਮਜ਼ਦੂਰਾਂ ਨੂੰ  ਪਿਛਲੇ ਸਾਲ ਦੇ ਝੋਨੇ ਦੇ ਕੰਮ ਦਾ ਅਵਜਾਨਾ ਵੀ ਨਹੀਂ ਦੇ ਰਹੀ ਸਗੋਂ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।

ਕੇਂਦਰ ਸਰਕਾਰ ਵਲੋਂ ਸੱਪਸ਼ਟ ਪੋਰਟਲ ਤੋਂ ਛੋਟ ਦੇਣ ਤੇ ਭਾਰਤੀ ਖੁਰਾਕ ਨਿਗਮ ਵਲੋਂ ਆੜ੍ਹਤੀਆਂ ਨੂੰ ਬਿਨਾਂ ਪੋਰਟਲ ਝੋਨੇ ਦੀ ਆੜ੍ਹਤ ਜਾਰੀ ਕਰ ਦਿੱਤੀ ਹੈ ਅਤੇ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਵਲੋਂ ਝੋਨੇ ਤੇ ਆਏ ਸਾਰੇ ਖਰਚੇ ਆੜ੍ਹਤ ਮਜ਼ਦੂਰੀ ਸਮੇਤ ਚਾਵਲ ਦਾ ਭੁਗਤਾਨ ਹੋਣ ਤੇ ਪੰਜਾਬ ਸਰਕਾਰ ਨੂੰ ਅਦਾ ਕਰ ਦਿੱਤੀ ਗਈ ਹੈ। ਚੀਮਾ ਨੇ ਕਿਹਾ ਕਿ ਆੜ੍ਹਤੀਆਂ ਅਤੇ ਕਿਸਾਨਾਂ ਨੇ ਹਾਈ ਕੋਰਟ 'ਚ ਕੇਂਦਰ ਸਰਕਾਰ ਵਿਰੁੱਧ ਰਿੱਟ ਦਾਖਲ ਕੀਤੀ ਸੀ ਪਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਕਿਸਾਨਾਂ ਦੀ ਕੇਂਦਰ ਸਰਕਾਰ ਵਿਰੁੱਧ ਲੜਾਈ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ, ਜੇ ਹਾਈ ਕੋਰਟ 'ਚ ਸਰਕਾਰ ਨੇ ਸਹੀ ਪੱਖ ਪੇਸ਼ ਕੀਤਾ ਹੁੰਦਾ ਤਾਂ ਕੇਂਦਰ ਸਰਕਾਰ ਕੋਈ ਵਧੀਕੀ ਨਹੀਂ ਕਰ ਸਕਦੀ ਸੀ। ਹੁਣ ਕੇਂਦਰ ਸਰਕਾਰ ਨੇ ਜਦੋਂ ਮਾਰਕੀਟ ਫੀਸ ਤੇ ਹਮਲਾ ਕੀਤਾ ਹੈ ਤਾਂ ਸਰਕਾਰ ਦੀਆਂ ਚੀਕਾਂ ਨਿਕਲ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਨੇ ਆੜ੍ਹਤ ਘਟਾਉਣ ਦੀ ਚਿੱਠੀ ਬਾਦਲ ਸਰਕਾਰ ਸਮੇਂ ਵੀ ਜਾਰੀ ਕੀਤੀ ਪਰ ਉਸ ਸਮੇਂ ਬਾਦਲ ਸਰਕਾਰ ਨੇ ਕੇਂਦਰ ਨੂੰ ਕੋਰਾ ਜਵਾਬ ਦੇ ਦਿੱਤਾ ਸੀ ਪਰ ਹੁਣ ਕੇਂਦਰ ਸਰਕਾਰ ਦੀ ਚਿੱਠੀ ਦੀ ਆੜ ਲੈ ਕੇ ਕੈਪਟਨ ਸਰਕਾਰ ਨੇ ਆੜ੍ਹਤੀਆਂ ਦੀ  ਕਣਕ ਦੇ ਸੀਜ਼ਨ 'ਚ ਵੀ ਦੋ ਰੁਪਏ ਕੱਟ ਲਏ ਹਨ   ਜਦਕਿ ਪੰਜਾਬ ਖੇਤੀਬਾੜੀ ਕਾਨੂੰਨ 'ਚ ਬਦਲਾਅ ਕੀਤੇ ਬਿਨਾਂ ਆੜ੍ਹਤੀਆਂ ਦੀ ਆੜ੍ਹਤ ਨਹੀਂ ਕੱਟੀ ਜਾ ਸਕਦੀ। ਅਸੀਂ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਪ੍ਰਧਾਨ, ਐੱਮ.ਐੱਲ. ਸਹਿਬਾਨ ਅਤੇ ਮੰਤਰੀ ਸਾਹਿਬਾਨ ਨੂੰ ਬੇਨਤੀ ਕਰਦੇ ਹਾਂ ਕਿ ਉਹ ਵਿਧਾਨ ਸਭਾ 'ਚ ਮੁੱਖ ਮੰਤਰੀ ਸਾਹਿਬ ਤੋਂ ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਹੋ ਰਹੀ ਵਧੀਕੀ ਬਾਰੇ ਸਵਾਲ ਜ਼ਰੂਰ ਪੁੱਛਣ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੂੰ ਖ਼ਤਮ ਕਰਨ ਲਈ ਬਣ ਰਹੇ ਕਾਨੂੰਨਾਂ ਦਾ ਵਿਰੋਧ ਕਰਨ ਲਈ ਸਾਰੇ ਆੜ੍ਹਤੀਆਂ ਨੂੰ ਇਕ ਝੰਡੇ ਹੇਠ ਇਕੱਠੇ ਲੜਾਈ ਲੜਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਐਸੋਸੀਏਸ਼ਨ ਨੂੰ ਮਜ਼ਬੂਤ ਕਰਨ ਲਈ ਸੁਨੀਲ ਕੁਮਾਰ ਨੂੰ ਸੂਬਾ ਸਕੱਤਰ  ਕੇਵਲ ਕ੍ਸਿਨ ਨੂੰ ਸੂਬਾ ਐਡਵਾਈਜ਼ਰ ਅਤੇ ਪਵਨ ਕੁਮਾਰ ਨੂੰ ਸੂਬਾ ਕਾਰਜਕਾਰੀ ਮੈਂਬਰ ਬਣਾਇਆ। ਇਸ ਮੌਕੇ ਸੂਬਾ ਸਕੱਤਰ ਰਮੇਸ਼ ਮੇਸ਼ੀ, ਜ਼ਿਲ੍ਹਾ ਪ੍ਰਧਾਨ ਸੰਜੇ ਕੁਮਾਰ ਜ਼ਿਲ੍ਹਾ ਉਪ ਪ੍ਰਧਾਨ ਕੁਲਦੀਪ ਭੈਣੀ ਤੋਂ ਇਲਾਵਾ ਆੜ੍ਹਤੀ  ਵੀ ਹਾਜ਼ਰ ਸਨ।


Shyna

Content Editor

Related News