ਸ਼ਹੀਦੀ ਸਿੰਘ ਸਭਾ ਮੌਕੇ ''ਸ਼ਹੀਦੀ ਕਾਨਫਰੰਸ'' ਹੋਵੇ ਨਾ ਕਿ ਸਿਆਸੀ: ਚੰਦੂਮਾਜਰਾ

Sunday, Dec 23, 2018 - 09:44 AM (IST)

ਸ਼ਹੀਦੀ ਸਿੰਘ ਸਭਾ ਮੌਕੇ ''ਸ਼ਹੀਦੀ ਕਾਨਫਰੰਸ'' ਹੋਵੇ ਨਾ ਕਿ ਸਿਆਸੀ: ਚੰਦੂਮਾਜਰਾ

ਫਤਿਹਗੜ੍ਹ ਸਾਹਿਬ (ਜਗਦੇਵ) - ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼ਹੀਦੀ ਸਿੰਘ ਸਭਾ ਮੌਕੇ ਸ਼ਹੀਦੀ ਕਾਨਫਰੰਸਾਂ ਨਾ ਕਰਨਾ ਮੀਰੀ-ਪੀਰੀ ਦੇ ਸਿਧਾਂਤਾਂ ਨੂੰ ਤਿਲਾਂਜਲੀ ਦੇਣ ਵਾਲੀ ਗੱਲ ਹੈ, ਕਿਉਂਕਿ ਮੀਰੀ-ਪੀਰੀ ਦੇ ਸਿਧਾਂਤ ਅਨੁਸਾਰ ਧਰਮ ਤੇ ਸਿਆਸਤ 'ਚ ਇਕਮਿਕਤਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਸਿੰਘ ਸਭਾ ਮੌਕੇ ਸ਼ਹੀਦੀ ਕਾਨਫਰੰਸ  ਹੋਣੀ ਚਾਹੀਦੀ ਹੈ ਨਾ ਕਿ ਸਿਆਸੀ ਕਿਉਂਕਿ ਇਨ੍ਹਾਂ ਸ਼ਹੀਦੀ ਕਾਨਫਰੰਸਾਂ ਰਾਹੀਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖ਼ਤੇ ਜਿਗਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਅਤੇ ਰੂਹ ਨੂੰ ਕੰਬਾਅ ਦੇਣ ਵਾਲੀ ਕੁਰਬਾਨੀ ਤੇ ਹੋਰ ਮਹਾਨ ਸ਼ਹੀਦਾਂ ਦੀਆਂ ਬੇਮਿਸਾਲ ਸ਼ਹਾਦਤਾਂ ਦੀ ਦਾਸਤਾਨ ਸੁਣਾਉਣ ਲਈ ਤੇ ਜਿਨ੍ਹਾਂ ਹਾਕਮਾਂ ਤੇ ਜਾਬਰਾਂ ਨੇ ਸਿੱਖ ਕੌਮ 'ਤੇ ਜਬਰ-ਜ਼ੁਲਮ ਤੇ ਅੱਤਿਆਚਾਰ ਕੀਤੇ, ਉਨ੍ਹਾਂ ਨੂੰ ਜਗ ਜ਼ਾਹਿਰ ਕਰਨ ਤੇ ਨੌਜਵਾਨ ਪੀੜ੍ਹੀ ਨੂੰ ਮਹਾਨ ਸ਼ਹਾਦਤਾਂ ਭਰੇ ਸਿੱਖ ਇਤਿਹਾਸ ਨਾਲ ਜੋੜਨ ਲਈ ਸ਼ਹੀਦੀ ਸਿੰਘ ਸਭਾ ਮੌਕੇ ਸ਼ਹੀਦੀ ਕਾਨਫਰੰਸ ਕਰਨਾ ਸਮੇਂ ਦੀ ਮੁੱਖ ਲੋੜ ਹੈ। 
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਦੀ ਮਹਾਨ ਪਵਿੱਤਰਤਾ ਨੂੰ ਦੇਖਦਿਆਂ ਹੋਇਆਂ ਫਤਿਹਗੜ੍ਹ ਸਾਹਿਬ ਨੂੰ 'ਸ੍ਰੀ' ਦਾ ਦਰਜਾ ਮਿਲਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਭੁੱਟਾ ਤੇ ਦਰਬਾਰਾ ਸਿੰਘ ਰੰਧਾਵਾ ਵੀ ਹਾਜ਼ਰ ਸਨ।


author

rajwinder kaur

Content Editor

Related News