ਪਾਵਰਕਾਮ ਨੇ ਰੋਜ਼ਗਾਰ ਮੁਹਿੰਮ ਤਹਿਤ 145 ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਸੌਂਪੇ ਨਿਯੁਕਤੀ-ਪੱਤਰ
Sunday, Jun 30, 2019 - 07:43 PM (IST)

ਪਟਿਆਲਾ (ਜੋਸਨ)— ਪਾਵਰਕਾਮ ਵੱਲੋਂ ਰੋਜ਼ਗਾਰ ਦੇਣ ਦੀ ਮੁਹਿੰਮ ਤਹਿਤ ਰੱਖੇ ਸਮਾਗਮ ਦੌਰਾਨ ਪੁੱਜੀ ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 'ਘਰ-ਘਰ ਰੋਜ਼ਗਾਰ' ਮੁਹਿੰਮ ਅਧੀਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਲਈ ਵਚਨਬੱਧ ਹੈ। ਉਹ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮ੍ਰਿਤਕ ਕਰਮਚਾਰੀਆਂ ਦੇ 145 ਯੋਗ ਉਮੀਦਵਾਰਾਂ ਨੂੰ ਨਿਯੁਕਤੀ-ਪੱਤਰ ਸੌਂਪਣ ਮੌਕੇ ਗੱਲਬਾਤ ਕਰ ਰਹੇ ਸਨ।
ਇਸ ਮੌਕੇ ਸ਼੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਦੇ ਵਿਕਾਸ 'ਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਇਸ ਤੋਂ ਇਲਾਵਾ ਕਾਰਪੋਰੇਸ਼ਨ ਪੰਜਾਬ ਦੇ ਸਾਰੇ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਕਰ ਰਿਹਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜਿਹੜੇ ਯੋਗ ਉਮੀਦਵਾਰ ਅੱਜ ਪੀ. ਐੱਸ. ਪੀ. ਸੀ. ਐੱਲ. ਦੇ ਪਰਿਵਾਰ 'ਚ ਸ਼ਾਮਲ ਹੋ ਰਹੇ ਹਨ, ਉਹ ਪੰਜਾਬ ਦੀ ਤਰੱਕੀ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣਗੇ।
ਇਸ ਦੌਰਾਨ ਕਾਰਪੋਰੇਸ਼ਨ ਦੇ ਸੀ. ਐੱਮ. ਡੀ. ਇੰਜੀ. ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ ਐਡਮਨ. ਆਰ. ਪੀ. ਪਾਂਡਵ ਨੇ ਦੱਸਿਆ ਕਿ ਛੇਤੀ ਭਵਿੱਖ 'ਚ ਕਾਰਪੋਰੇਸ਼ਨ ਵੱਲੋਂ ਕਈ ਸ਼੍ਰੇਣੀਆਂ ਦੀਆਂ 5363 ਅਸਾਮੀਆਂ ਲਈ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇੰਜੀ. ਸਰਾਂ ਨੇ ਜਿਹੜੇ ਉਮੀਦਵਾਰਾਂ ਨੂੰ ਅੱਜ ਨਿਯੁਕਤੀ-ਪੱਤਰ ਸੌਂਪੇ ਹਨ, ਨੂੰ ਅਪੀਲ ਕੀਤੀ ਕਿ ਉਹ ਇਕ-ਇਕ ਬੂਟਾ ਲਾ ਕੇ ਉਸ ਦੀ ਯੋਗ ਦੇਖਭਾਲ ਕਰਨ ਅਤੇ ਵਾਤਾਵਰਣ ਨੂੰ ਸਾਫ ਰੱਖਣ 'ਚ ਆਪਣਾ ਯੋਗਦਾਨ ਪਾਉਣ। ਇੰਜੀ. ਸਰਾਂ ਨੇ ਦਿਨ-ਬ-ਦਿਨ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਹੋਣ 'ਤੇ ਚਿੰਤਾ ਦਾ ਪ੍ਰਗਟਾਈ। ਸਰਕਾਰਾਂ ਸਮਾਜ ਅਤੇ ਖਪਤਕਾਰਾਂ ਨੂੰ ਪਾਣੀ ਦੀ ਬੱਚਤ ਲਈ ਸਿਰਤੋੜ ਯਤਨ ਕਰਨੇ ਚਾਹੀਦੇ ਹਨ। ਪਾਣੀ ਮਨੁੱਖੀ ਜੀਵਨ ਦਾ ਬਹੁਤ ਹੀ ਮਹੱਤਵਪੂਰਣ ਅੰਗ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਦੀ ਬੱਚਤ ਲਈ ਯੋਗ ਯਤਨ ਨਹੀਂ ਕੀਤੇ ਜਾਣਗੇ ਤਾਂ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਮੌਕੇ ਕਾਰਪੋਰੇਸ਼ਨ ਦੇ ਡਾਇਰੈਕਟਰ ਪ੍ਰਬੰਧਕੀ ਆਰ. ਪੀ. ਪਾਂਡਵ ਨੇ ਪ੍ਰਨੀਤ ਕੌਰ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣੇ ਰੁਝੇਵੇਂ ਭਰੇ ਜੀਵਨ 'ਚੋਂ ਪੀ. ਐੱਸ. ਪੀ. ਸੀ. ਐੱਲ. ਦੇ ਇਸ ਸਮਾਰੋਹ 'ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਕਾਰਪੋਰੇਸ਼ਨ ਦੇ ਮ੍ਰਿਤਕ ਵਾਰਸਾਂ ਆਪਣੇ ਪਰਿਵਾਰ ਸਮੇਤ ਇਸ ਸਮਾਗਮ 'ਚ ਹਾਜ਼ਰ ਸਨ। ਇਸ ਸਮੇਂ ਇੰਜੀ. ਓ. ਪੀ. ਗਰਗ ਡਾਇਰੈਕਟਰ ਵਣਜ, ਇੰਜੀ. ਐੈੱਨ. ਕੇ. ਸ਼ਰਮਾ ਡਾਇਰੈਕਟਰ ਡਿਸਟ੍ਰੀਬਿਊਸ਼ਨ, ਇੰਜੀ. ਐੈੱਸ. ਕੇ. ਪੁਰੀ ਡਾਇਰੈਕਟਰ ਉਤਪਾਦਨ, ਕਾਰਪੋਰੇਸ਼ਨ ਦੇ ਕਈ ਉੱਚ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।