ਕੋਰੋਨਾ ਨਾਲ ਲੜਨ ਲਈ ਪੁਲਸ ਪੂਰੀ ਤਰਾਂ ਮੂਸਤੈਦ : ਐਸ.ਐਸ.ਪੀ

05/08/2020 3:39:07 PM

ਸ਼ੇਰਪੁਰ (ਅਨੀਸ਼) - ਕੋਰੋਨਾ ਵਾਇਰਸ ਵੱਲੋਂ ਜ਼ਿਲ੍ਹੇ ਵਿਚ ਪੈਰ ਪਸਾਰਨ ਸਦਕਾ ਜ਼ਿਲ੍ਹਾ ਸੰਗਰੂਰ  ਰੈੱਡ ਜੋਨ ਵਿਚ ਪਹੁੰਚ ਕਰ ਚੁੱਕਾ ਹੈ। ਜ਼ਿਲ੍ਹੇ ਦੀ ਸਥਿਤੀ ਬਾਰੇ ਜਗ ਬਾਣੀ  ਨਾਲ ਗੱਲਬਾਤ ਕਰਦਿਆ ਪੁਲਸ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਪੁਲਿਸ ਡੀ.ਜੀ.ਪੀ ਦਿਨਕਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਪ੍ਰਸ਼ਾਸਨ ਹਰ ਵੇਲੇ ਲੋਕਾਂ ਦੀ ਸੇਵਾ 'ਚ ਹਾਜ਼ਰ ਹੈ। ਲੋੜਵੰਦਾਂ ਨੂੰ ਰਾਸ਼ਨ, ਲੰਗਰ ਤੇ ਹੋਰ ਘਰੇਲੂ ਵਸਤਾਂ ਪਹੁੰਚਾਉਣ 'ਚ ਮਦਦ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾ ਰਿਹਾ। ਅਜਿਹੇ ਲੋਕਾਂ ਨੂੰ ਪਰਚੇ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਤੇ ਵਾਹਨਾਂ ਨੂੰ ਜਬਤ ਕੀਤਾ ਜਾ ਰਿਹਾ ਹੈ। ਡਾ. ਗਰਗ ਨੇ ਦੱਸਿਆ ਕਿ ਜ਼ਿਲ੍ਹਾ  ਪੁਲਸ ਵੱਲੋਂ ਕਰਫਿਊ ਦੀ ਉਲੰਘਣਾ ਦੇ ਦੋਸ਼ ਹੇਠ ਹੁਣ ਤੱਕ 607 ਕੇਸ ਦਰਜ ਕਰਕੇ 906 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਕਰੀਬ 808 ਵਾਹਨ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੰਗਰੂਰ ਪੁਲੀਸ ਵਲੋਂ ਸਥਾਪਤ ਕੀਤੇ ਸਪੈਸ਼ਲ ਕੰਟਰੋਲ ਰੂਮ ਰਾਹੀਂ ਹੁਣ ਤੱਕ ਕਰੀਬ 2500 ਤੋਂ ਵੱਧ ਲੋਕਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾ ਚੁੱਕੀਆਂ ਹਨ। ਡਾ ਗਰਗ ਨੇ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਸਾਨੂੰ ਘਰਾਂ ਵਿਚ ਰਹਿ ਕੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਨਾਲ ਪਰਿਵਾਰ ਨੂੰ ਵੀ ਸੁਰੱਖਿਅਤ ਰੱੱਖ ਸਕੀਏ। ਉਨ੍ਹਾਂ  ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਅਤੇ ਪੁਲਿਸ ਨੂੰ ਸਹਿਯੋਗ ਦੇਣ। 

 


Harinder Kaur

Content Editor

Related News