ਅਪਾਹਜ ਦੁਕਾਨਦਾਰ ਤੋਂ ਨਕਦੀ ਨਾਲ ਭਰਿਆ ਬੈਗ ਖੋਹਣ ਵਾਲੇ 2 ਮੁਲਜ਼ਮ ਪੁਲਸ ਨੇ ਕੀਤੇ ਕਾਬੂ
Saturday, Aug 23, 2025 - 08:18 PM (IST)

ਬੀਬੀਪੁਰ (ਵਿਪਨ) ਐਸਐਸਪੀ ਡਾ. ਜੋਤੀ ਯਾਦਵ ਬੈਂਸ ਦੇ ਸਪਸ਼ਟ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੰਨਾ ਪੁਲਸ ਨੇ ਅਪਰਾਧਿਕ ਤੱਤਾਂ ਦੇ ਖ਼ਿਲਾਫ਼ ਤੇਜ਼ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਦੇ ਹੋਏ ਬੀਬੀਪੁਰ ਵਿੱਚ 20 ਅਗਸਤ ਨੂੰ ਹੋਈ ਦਿਨ-ਦਿਹਾੜੇ ਲੁੱਟਖੋਹ ਦੀ ਘਟਨਾ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਤੀਜੇ ਦੀ ਭਾਲ ਜਾਰੀ ਹੈ। ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਜਾਣਕਾਰੀ ਦਿੰਦੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਤਪਾਲ ਸਿੰਘ ਸੱਤਾ ਵਾਸੀ ਬੀਬੀਪੁਰ ਅਤੇ ਮਨਵੀਰ ਸਿੰਘ ਉਰਫ਼ ਬਿੱਲਾ ਵਾਸੀ ਲੱਲੋਂ ਖੁਰਦ ਵਜੋਂ ਹੋਈ। ਤੀਜੇ ਮੁਲਜ਼ਮ ਦੀ ਪਛਾਣ ਵੀ ਹੋ ਚੁੱਕੀ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ 20 ਅਗਸਤ ਨੂੰ 2 ਮੁਲਜ਼ਮ ਇੱਕ ਐਕਟਿਵਾ ਸਕੂਟਰ ‘ਤੇ ਨਕਾਬਪੋਸ਼ ਹੋ ਕੇ ਬੀਬੀਪੁਰ ਪਹੁੰਚੇ ਅਤੇ ਅਪਾਹਜ ਦੁਕਾਨਦਾਰ ਮਨਪ੍ਰੀਤ ਸਿੰਘ ਦੀ ਦੁਕਾਨ ਦੇ ਕਾਊਂਟਰ ‘ਚ ਪਿਆ ਨਕਦੀ ਨਾਲ ਭਰਿਆ ਬੈਗ ਖੋਹ ਕੇ ਲੈ ਗਏ, ਜਿਸ ਵਿੱਚ ਲਗਭਗ 70 ਹਜ਼ਾਰ ਰੁਪਏ ਸਨ। ਸਾਰੀ ਘਟਨਾ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਟੀਮਾਂ ਤੈਨਾਤ ਕੀਤੀਆਂ। ਸਦਰ ਥਾਣੇ ਦੇ ਐਸਐਚਓ ਸੁਖਵਿੰਦਰਪਾਲ ਸਿੰਘ ਅਤੇ ਪੁਲਸ ਟੀਮ ਨੇ 48 ਘੰਟਿਆਂ ਦੇ ਅੰਦਰ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਤੀਜੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਕਈ ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਹਨ। ਡੀਐਸਪੀ ਭਾਟੀ ਨੇ ਕਿਹਾ ਕਿ ਲੁੱਟੇ ਗਏ ਪੈਸੇ ਦੀ ਬਰਾਮਦਗੀ ਲਈ ਪੁਲਸ ਮਿਹਨਤ ਕਰ ਰਹੀ ਹੈ ਅਤੇ ਮੁਲਜ਼ਮਾਂ ਦਾ ਰਿਮਾਂਡ ਲਿਆ ਜਾਵੇਗਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਮਾਜ ਵਿੱਚ ਦਹਿਸ਼ਤ ਪੈਦਾ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।ਸਥਾਨਕ ਲੋਕਾਂ ਨੇ ਪੁਲਸ ਦੀ ਤੇਜ਼ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ।