ਐਂਟੀ ਨਾਰਕੋਟਿਕਸ ਸੈੱਲ ਫਿਰੋਜ਼ਪੁਰ ਦੀ ਪੁਲਸ  ਹੱਥ ਲੱਗੀ ਸਫ਼ਲਤਾ, ਨਸ਼ੀਲੇ ਪਦਾਰਥਾਂ ਸਣੇ 4 ਦੋਸ਼ੀ ਕਾਬੂ

2021-06-16T18:04:52.317

ਫਿਰੋਜ਼ਪੁਰ (ਕੁਮਾਰ,ਹਰਚਰਨ, ਬਿੱਟੂ): ਐਂਟੀ ਨਾਰਕੋਟਿਕਸ ਸੈੱਲ ਫਿਰੋਜ਼ਪੁਰ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ 4 ਕਿਲੋ 500 ਗ੍ਰਾਮ ਅਫੀਮ ਅਤੇ 50 ਕਿਲੋ ਡੋਡੇ (ਚੂਰਾ ਪੋਸਤ) ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਆਯੋਜਿਤ ਪੱਤਰਕਾਰ ਸੰਮੇਲਨ ਵਿੱਚ ਐੱਸ.ਐੱਸ.ਪੀ. ਸ੍ਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪਰਮਿੰਦਰ ਸਿੰਘ ਬਾਜਵਾ ਨੇ ਪੁਲਸ ਪਾਰਟੀ ਨਾਲ ਪਿੰਡ ਸ਼ਾਂਦੇ ਹਾਸ਼ਮ ਟੀ-ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ ਤੇ ਆ ਰਹੇ ਦੋ ਘੋੜਾ ਟਰਾਲਾ ਨੰਬਰ ਪੀ.ਬੀ. 05 ਡਬਲਯੂ-7813, ਜਿਸਨੂੰ ਗੁਰਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਤੱਲੇਵਾਲਾ ਚਲਾ ਰਿਹਾ ਸੀ ਅਤੇ ਉਸਦੇ ਨਾਲ ਹੀ ਕੰਡਕਟਰ ਸੀਟ ’ਤੇ ਬਲਵੀਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਤੱਲੇਵਾਲਾ ਬੈਠਾ ਹੋਇਆ ਸੀ ਅਤੇ ਦੂਸਰੇ ਘੋੜਾ ਟਰਾਲਾ ਨੰਬਰ ਪੀ.ਬੀ. 05 ਏ.ਬੀ-7513 ਨੂੰ ਪ੍ਰਵੀਨ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਤੱਲੇਵਾਲਾ ਚਲਾ ਰਿਹਾ ਸੀ ਤੇ ਉਸਦੇ ਨਾਲ ਕੰਡਕਟਰ ਸੀਟ ’ਤੇ ਹਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਖਾਰਾ, ਥਾਣਾ ਸਰਹਾਲੀ, ਜ਼ਿਲ੍ਹਾ ਤਰਨਤਾਰਨ ਬੈਠਾ ਹੋਇਆ ਸੀ, ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਗੁਰਜੀਤ ਸਿੰਘ ਤੋਂ 2 ਕਿਲੋ ਅਫੀਮ, ਬਲਵੀਰ ਸਿੰਘ ਦੇ ਕਬਜ਼ੇ ’ਚੋਂ 15 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਇਆ ਅਤੇ ਡਰਾਈਵਰ ਪਰਦੀਪ ਸਿੰਘ ਤੋਂ 2 ਕਿਲੋ 500 ਗ੍ਰਾਮ ਅਫੀਮ ਅਤੇ ਹਰਜਿੰਦਰ ਸਿੰਘ ਦੇ ਕਬਜ਼ੇ ਵਿੱਚੋਂ 15 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਇਆ।

ਉਨ੍ਹਾਂ ਨੇ ਦੱਸਿਆ ਕਿ ਪੁੱਛਗਿੱਛ ਕਰਨ ’ਤੇ ਫੜੇ ਗਏ ਵਿਅਕਤੀਆਂ ਨੇ ਮੰਨਿਆ ਕਿ ਉਹ ਬਿਹਾਰ ਦੀ ਢੋਭੀ ਸ਼ਹਿਰ ਤੋਂ 35 ਹਜ਼ਾਰ ਰੁਪਏ ਕਿੱਲੋ ਦੇ ਹਿਸਾਬ ਨਾਲ ਅਫ਼ੀਮ ਲੈ ਕੇ ਆਏ ਸਨ ਅਤੇ ਝਾਰਖੰਡ ਦੇ ਵੱਖ-ਵੱਖ ਢਾਬਿਆਂ ਤੋਂ ਉਨ੍ਹਾਂ ਨੇ 1000 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਪੋਸਤ ਖਰੀਦਿਆ ਸੀ। ਉਨ੍ਹਾਂ ਨੇ ਮੰਨਿਆ ਕਿ ਅਫ਼ੀਮ ਅਤੇ ਪੋਸਤ ਉਨ੍ਹਾਂ ਨੇ ਵੱਖ ਵੱਖ ਜਗ੍ਹਾ ਤੇ ਭਾਰੀ ਕੀਮਤ ਤੇ ਵੇਚਣਾ ਸੀ। ਇਸ ਮੌਕੇ ਐਸ.ਪੀ. ਇਨਵੈਸਟੀਗੇਸ਼ਨ ਰਤਨ ਸਿੰਘ ਬਰਾੜ, ਡੀ.ਐਸ.ਪੀ. ਰਵਿੰਦਰਪਾਲ ਸਿੰਘ ਢਿੱਲੋਂ ਅਤੇ ਮਨਮੋਹਨ ਸਿੰਘ ਔਲਖ ਐਸ.ਪੀ. ਨੇ ਦੱਸਿਆ ਕਿ ਪੁਲਸ ਵੱਲੋਂ ਫੜੇ ਗਏ ਵਿਅਕਤੀਆਂ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਦੇ ਹੋਏ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਲਿਆ ਗਿਆ ਹੈ।


Shyna

Content Editor Shyna