ਮਗਨੇਰਗਾ ਕਰਮਚਾਰੀਆਂ ਵੱਲੋਂ ਸਰਕਾਰ ਵਿਰੁੱਧ ਕੀਤੀ ਗਈ ਨਾਅਰੇਬਾਜ਼ੀ

Monday, Sep 16, 2019 - 05:33 PM (IST)

ਮਗਨੇਰਗਾ ਕਰਮਚਾਰੀਆਂ ਵੱਲੋਂ ਸਰਕਾਰ ਵਿਰੁੱਧ ਕੀਤੀ ਗਈ ਨਾਅਰੇਬਾਜ਼ੀ

ਭਵਾਨੀਗੜ੍ਹ (ਕਾਂਸਲ)— ਮਗਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਲਾਕ ਪੱਧਰ ਉਪਰ ਸ਼ੁਰੂ ਕੀਤੇ ਸੰਘਰਸ਼ ਤਹਿਤ ਅੱਜ ਬੀ. ਡੀ. ਪੀ. ਓ ਦਫਤਰ ਵਿਖੇ ਧਰਨਾ ਦੇ ਕੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ 'ਚ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੰਜੀਵ ਕਾਕੜਾ ਨੇ ਕਿਹਾ ਕਿ ਮਗਨਰੇਗਾ ਵਰਕਰਾਂ ਵੱਲੋਂ ਕਰੀਬ 11 ਸਾਲਾਂ ਤੋਂ ਪੰਚਾਇਤ ਵਿਭਾਗ ਅਧੀਨ ਕੰਮ ਕਰ ਰਹੇ ਹਨ ਪਰ ਮੌਜੂਦਾ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ 1539 ਮਗਨਰੇਗਾ ਦੇ ਕਰਮਚਾਰੀਆਂ ਦੀ ਭਰਤੀ ਪੂਰੀ ਮੈਰਿਟ ਦੇ ਆਧਾਰ 'ਤੇ ਕਈ ਟੈਸਟ ਲੈ ਕੇ ਕੀਤੀ ਗਈ ਸੀ, ਕਈ ਸਾਲ ਬੀਤ ਜਾਣ 'ਤੇ ਬਾਵਜੂਦ ਮਗਨਰੇਗਾ ਦੀ ਨਾ ਹੀ ਤਨਖਾਹ ਸਹੀ ਢੰਗ ਨਾਲ ਆਉਂਦੀ ਹੈ ਅਤੇ ਨਾ ਹੀ ਦਾ ਪੰਚਾਇਤ ਵਿਭਾਗ ਵੱਲੋਂ ਉਨ੍ਹਾਂ ਨੂੰ ਪੱਕੇ ਕਰਨ ਸਬੰਧੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕਰਕੇ ਮਗਨਰੇਗਾ ਕਰਮਚਾਰੀਆਂ 'ਚ ਸਰਕਾਰ ਪ੍ਰਤੀ ਸਖਤ ਰੋਸ ਦੀ ਲਹਿਰ ਪਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮਗਨਰੇਗਾ ਕਰਮਚਾਰੀਆਂ ਕੋਲ ਪੰਚਾਇਤ ਦੇ ਕੰਮਾਂ ਦਾ ਪੂਰਾ ਤਜ਼ਰਬਾ ਹੈ, ਇਸ ਲਈ ਪੰਜਾਬ ਸਰਕਾਰ ਨੂੰ ਉਨ੍ਹਾਂ ਨੂੰ ਤੁਰੰਤ ਪੱਕੇ ਕਰਨਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਕਰਮਚਾਰੀਆਂ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਰੋਸ ਧਰਨੇ 'ਚ ਸੰਜੀਵ ਕਾਕੜਾ ਤੋਂ ਇਲਾਵਾ ਸੁਖਜਿੰਦਰਪਾਲ ਸਿੰਘ, ਗੁਰਪ੍ਰਤਾਪ ਸਿੰਘ, ਸੰਜੀਵ ਮਿੱਤਲ, ਜਸਪ੍ਰੀਤ ਸਿੰਘ, ਰਣਵੀਰ ਸਿੰਘ, ਮਹਿੰਗਾ ਸਿੰਘ, ਸਿੰਪਲਜੀਤ ਕੌਰ, ਗੁਰਜੀਤ ਸਿੰਘ, ਸਿੰਦਰਪਾਲ ਸਿੰਘ, ਅਮਨਦੀਪ ਸਿੰਘ ਆਦਿ ਵੀ ਸ਼ਾਸ਼ਲ ਸਨ।


author

shivani attri

Content Editor

Related News