ਘੁੱਪ ਹਨ੍ਹੇਰੇ ‘ਚ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਤੋਂ ਅੱਕੇ ਲੋਕਾਂ ਨੇ ‘ਆਪ’ ਨੂੰ ਦਿੱਤੀ ਕਮਾਨ : ਲਾਭ ਸਿੰਘ ਉਗੋਕੇ

03/24/2022 1:42:55 PM

ਤਪਾ ਮੰਡੀ (ਸ਼ਾਮ,ਗਰਗ) : ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਸਰਕਾਰ ਬਣਦਿਆਂ ਹੀ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ 25 ਹਜ਼ਾਰ ਨੌਕਰੀਆਂ ਦੇਣ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਤਰ੍ਹਾਂ ਵਿਅਕਤੀ ਦੀ ਕਾਬਲੀਅਤ ਹੋਵੇਗੀ ਉਸ ਨੂੰ ਕਾਬਲੀਅਤ ਦੇ ਆਧਾਰ ’ਤੇ ਨੌਕਰੀ ਮਿਲੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਆਪਣੇ ਦਫਤਰ ਤਪਾ ਮੰਡੀ ਵਿਖੇ ਕੀਤਾ। ਪਾਰਟੀ ਵਰਕਰਾਂ ਨੂੰ ਮਿਲਣੀ ਦੌਰਾਨ ਉਨ੍ਹਾਂ ਕਿਹਾ ਕਿ 70 ਸਾਲਾਂ ਤੋਂ ਦੇਸ਼ ਨੂੰ ਘੁੱਪ ਹਨੇਰੇ ਵੱਲ ਧੱਕ ਰਹੀਆਂ ਸਿਆਸੀ ਪਾਰਟੀਆਂ ਤੋਂ ਅੱਕੇ ਲੋਕਾਂ ਨੇ ਜੋ ਜ਼ਿੰਮੇਵਾਰੀ ‘ਆਪ’ ਨੂੰ ਦਿੱਤੀ ਹੈ, ਉਸ ’ਤੇ ਖਰੇ ਉੱਤਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

ਲਾਭ ਸਿੰਘ ਨੇ ਅੱਗੇ ਬੋਲਦਿਆਂ ਕਿਹਾ ਕਿ ਬੇਸ਼ੱਕ 70 ਵਰ੍ਹਿਆਂ ਤੋਂ ਬਣਾਈ ਇਸ ਦਲਦਲ ਵਿੱਚੋਂ ਨਿਕਲਣ ਲਈ ਕੁਝ ਸਮਾਂ ਜ਼ਰੂਰ ਲੱਗੇਗਾ ਪਰ ਆਮ ਆਦਮੀ ਪਾਰਟੀ ਇਸ ਗੱਲ ਲਈ ਵਚਨਬੱਧ ਹੈ ਕਿ ਇਕ ਸਾਲ ਵਿਚ ਤੁਹਾਨੂੰ ਨਤੀਜੇ ਦੇਖਣ ਨੂੰ ਮਿਲਣਗੇ। ਪਾਰਟੀ ਸੰਯੋਜਕ ਅਰਵਿੰਦ ਕੇਜਰੀਵਾਲ ਵੱਲੋਂ ਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਸਾਰਿਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਵਿਧਾਇਕ ਆਪਣੇ ਹਲਕੇ ਲਈ ਦਿਨ ਰਾਤ ਕੰਮ ਕਰੇ ਅਤੇ ਆਪਣੇ ਲੋਕਾਂ ਦੇ ਵਿੱਚ ਰਹੇ। ਉਨ੍ਹਾਂ ਕਿਹਾ ਕਿ ਸਾਨੂੰ 5 ਸਾਲ ਦਾ ਸਮਾਂ ਪੰਜਾਬ ਵਾਸੀਆਂ ਨੇ ਦਿੱਤਾ ਹੈ ਇਨ੍ਹਾਂ ਪੰਜ ਸਾਲਾਂ ਦੌਰਾਨ ਅਸੀਂ ਇੰਨੀ ਮਿਹਨਤ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਵਿਕਾਸ ਦੇ ਮੁੱਦੇ ’ਤੇ ਚੋਣਾਂ ਲੜਨਗੀਆਂ ਪੈਣ ਨਾ ਕੇ ਵਾਅਦਿਆਂ ਦੇ ਸਿਰ ’ਤੇ ਚੋਣ ਲੜੀਏ। ਇਸ ਵਰਕਰ ਮਿਲਣੀ ਤੋਂ ਬਾਅਦ ਵਿਧਾਇਕ ਲਾਭ ਸਿੰਘ ਉਗੋਕੇ ਨੇ ਜਿਥੇ ਪ੍ਰਸ਼ਾਸਨਿਕ ਦਫਤਰਾਂ ਦਾ ਦੌਰਾ ਕੀਤਾ, ਉਥੇ ਧਾਰਮਿਕ ਸਥਾਨ ਪ੍ਰਸਿੱਧ ਬਾਬਾ ਮੱਠ ਤਪਾ ਵਿੱਚ ਜਾਕੇ ਮੱਥਾ ਵੀ ਟੇਕਿਆ ਅਤੇ ਲੋਕਾਂ ਦੀਆਂ ਤਕਲੀਫਾਂ ਵੀ ਸੁਣੀਆਂ। ਇਸ ਮੌਕੇ ਮੈਨੇਜਰ ਵੇਅਰਹਾਊਸ ਜਗਦੇਵ ਸਿੰਘ, ਸੁਰੇਸ ਕੁਮਾਰ ਕਾਲਾ ਤਾਜੋਕੇ,ਜੱਸੀ ਪੁਰਬਾ ਆਦਿ ਵੱਡੀ ਗਿਣਤੀ ‘ਚ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News