ਛੱਪੜ ਦਾ ਕਾਲਾ ਪਾਣੀ ਪੀਂਦੇ ਨੇ ਲੋਕ, ਲੀਡਰਾਂ ਨੂੰ ਵੋਟਾਂ ਵੇਲੇ ਯਾਦ ਆਉਂਦੈ ਇਸ ਪਿੰਡ ਦਾ ਰਾਹ(ਵੀਡੀਓ)

Wednesday, Feb 02, 2022 - 02:14 PM (IST)

ਬਠਿੰਡਾ (ਵੈੱਬ ਡੈਸਕ) : ਪੰਜਾਬ ਦੇ ਬਹੁਤ ਸਾਰੇ ਅਜਿਹੇ ਪਿੰਡ ਹਨ ਜਿੱਥੇ ਨੇਤਾ ਪੰਜ ਸਾਲ ਬਾਅਦ ਚੋਣਾਂ ਮੌਕੇ ਹੀ ਦਰਸ਼ਨ ਦਿੰਦੇ ਹਨ।ਬਠਿੰਡਾ ਦੇ ਨਾਲ ਲੱਗਦਾ ਅਜਿਹਾ ਹੀ ਇਕ ਹੈ ਚਿੱਟੀਆਂ ਛੱਪੜੀਆਂ। ਇਸ ਪਿੰਡ ’ਚ ਲੋਕ ਕਾਲਾ ਪਾਣੀ ਪੀਣ ਨੂੰ ਮਜ਼ਬੂਰ ਹਨ।ਇਸ ਪਿੰਡ ਦੇ ਵਾਸੀ ਵੋਟਾਂ ਤਾਂ ਪਾਉਂਦੇ ਹਨ ਪਰ ਕਿਸੇ ਵੀ ਸਰਕਾਰ ਵੱਲੋਂ ਸ਼ੁੱਧ ਪਾਣੀ ਪੀਣ ਦੀ ਕੋਈ ਸਹੂਲਤ ਨਹੀਂ ਦਿੱਤੀ ਗਈ ਜਿਸ ਕਾਰਨ ਪਿੰਡ ਵਾਸੀਆਂ ਨੂੰ ਛੱਪੜਾਂ ਦਾ ਗੰਦਾ ਪਾਣੀ ਪੀਣਾ ਪੈ ਰਿਹਾ ਹੈ। ‘ਜਗ ਬਾਣੀ’ ਦੇ ਪੱਤਰਕਾਰ ਜਗਵੰਤ ਬਰਾੜ ਨੇ ਜਦੋਂ ਇਸ ਪਿੰਡ ਦਾ ਦੌਰਾ ਕੀਤਾ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ। 

ਇਹ ਵੀ ਪੜ੍ਹੋ : ਮੁਕਤਸਰ ‘ਚ ਕਾਂਗਰਸ ਨੂੰ ਲੱਗ ਸਕਦੈ ਵੱਡਾ ਝਟਕਾ, ਦੋ ਲੀਡਰ ਪਾਰਟੀ ਨੂੰ ਕਹਿ ਸਕਦੇ ਨੇ ਅਲਵਿਦਾ

ਪਿੰਡ ਦੇ ਲੋਕਾਂ ਨੇ ਦੱਸਿਆ ਕਿ 15 ਸਾਲ ਇੱਥੇ ਕਾਂਗਰਸ ਦਾ ਰਾਜ ਰਿਹਾ ਅਤੇ ਉਸ ਤੋਂ ਪਹਿਲਾਂ ਬਾਦਲ ਸਰਕਾਰ ਵੀ ਵੱਡੇ-ਵੱਡੇ ਵਾਅਦੇ ਕਰ ਚੁੱਕੀ ਹੈ ਪਰ ਮੌਜੂਦਾ ਹਾਲਾਤ ਇੰਨੇ ਮਾੜੇ ਹਨ ਕਿ ਲੋਕਾਂ ਨੂੰ ਕਾਲਾ ਪਾਣੀ ਪੀਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪਿੰਡ ਦੀਆਂ ਬੀਬੀਆਂ ਨੇ ਦੱਸਿਆ ਕਿ ਉਹ ਸਾਰਾ ਸਾਰਾ ਦਿਨ ਖੇਤਾਂ ’ਚ ਮਜ਼ਦੂਰੀ ਕਰਦੀਆਂ ਹਨ ਅਤੇ ਘਰ ਪਰਤਣ ਮਗਰੋਂ ਉਨ੍ਹਾਂ ਨੂੰ  4-5 ਕਿਲੋਮੀਟਰ ਦੂਰ ਜਾ ਕੇ ਪਾਣੀ ਲਿਆਉਣਾ ਪੈਂਦਾ ਹੈ ਅਤੇ ਫ਼ਿਰ ਉਸ ਪਾਣੀ ਨੂੰ ਫਟਕੜੀ ਜਾਂ ਉਬਾਲ ਕੇ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਲਿਆਂ ਨੇ ਘਰ-ਘਰ ਪੈਸੇ ਇੱਕਠੇ ਕਰਕੇ ਪਾਣੀ ਦੀ ਖੂਹੀ ਬਣਾਈ ਸੀ ਪਰ ਉਸ ’ਚ ਵੀ ਨਹਿਰਾਂ ਅਤੇ ਫੈਕਟਰੀਆਂ ਦਾ ਗੰਦਾ ਪਾਣੀ ਆਉਂਦਾ ਹੈ ਅਤੇ ਇਸ ਗੰਦੇ ਪਾਣੀ ਨਾਲ ਹੀ ਰੋਟੀ ਸਬਜ਼ੀ ਬਣਾਉਣੀ ਪੈਂਦੀ ਹੈ। 

ਇਹ ਵੀ ਪੜ੍ਹੋ : ਨਾਮਜ਼ਦਗੀ ਦਾਖਲ ਕਰਨ ਪੁੱਜੇ ਚੰਨੀ ਬੋਲੇ, ਮੈਂ ਸੁਦਾਮਾ ਬਣ ਕੇ ਆਇਆਂ, ਮਾਲਵੇ ਵਾਲੇ ਕ੍ਰਿਸ਼ਨ ਬਣ ਕੇ ਸੰਭਾਂਲਣਗੇ

ਜਦੋਂ ਪਿੰਡ ਵਾਸੀਆਂ ਨੇ ਇਸ ਸੰਬੰਧੀ ਮੌਜੂਦਾ ਵਿਧਾਇਕ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਹੈ ਕਿ ਤੁਹਾਡਾ ਪਿੰਡ ਕਿੱਥੇ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵਲੋਂ ਤੁਹਾਡੇ ਪਿੰਡ ਨੂੰ ਢਾਈ ਕਰੋੜ ਰੁਪਏ ਦੀ ਗ੍ਰਾਂਟ ਮਿਲੀ ਹੈ ਇਸ ਸੰਬੰਧੀ ਆਪਣੇ ਸਰਪੰਚ ਤੋਂ ਪੁੱਛਿਆ ਜਾਵੇ। ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਇਸ ਗ੍ਰਾਂਟ ਬਾਰੇ ਸਰਪੰਚ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਗ੍ਰਾਂਟ ਨਹੀਂ ਆਈ ਹੈ। ਤੁਸੀਂ ਜਿੱਥੇ ਮਰਜ਼ੀ ਜਾ ਕੇ ਮੇਰੀ ਸ਼ਿਕਾਇਤ ਕਰ ਸਕਦੇ ਹੋ।

ਪਿੰਡਾਂ ਦੇ ਬਜ਼ੁਰਗਾਂ ਨੇ ਦੱਸਿਆ ਕਿ ਅਜਿਹਾ ਕਾਲਾ ਪਾਣੀ ਪੀਣ ਨਾਲ ਸਾਡੇ ਪਿੰਡ ’ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲ ਚੁੱਕੀਆਂ ਹਨ ਜਿਸ ਨਾਲ ਕਈ ਮੌਤਾਂ ਵੀ ਹੋ ਚੁੱਕੀਆਂ ਹਨ। ਪਿੰਡ ਵਾਸੀ ਚਮੜੀ ਦੇ ਰੋਗਾਂ ਤੋਂ ਗ੍ਰਸਤ ਹਨ ਅਤੇ ਉਨ੍ਹਾਂ ਦੇ ਇਲਾਜ ਲਈ ਪਿੰਡ ’ਚ ਕੋਈ ਹਸਪਤਾਲ ਦੀ ਸਹੂਲਤ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਛੋਟੇ ਬੱਚਿਆਂ ਲਈ ਨਾ ਤਾਂ ਕੋਈ ਆਂਗਣਵਾੜੀ ਸਕੂਲ ਹੈ ਅਤੇ ਜੇਕਰ ਬੱਚੇ ਪਿੰਡ ਤੋਂ 15-20 ਕਿਲੋਮੀਟਰ ਦੂਰ ਪੜ੍ਹਨ ਜਾਂਦੇ ਹਨ ਤਾਂ ਕੋਈ ਵੀ ਬੱਸ ਬੱਚਿਆਂ ਨੂੰ ਦੇਖ ਕੇ ਰੁਕਦੀ ਨਹੀਂ ਹੈ।

 

 

 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


Anuradha

Content Editor

Related News