ਡੀ.ਸੀ. ਦਾ ਨਵਾਂ ਫਾਰਮੂਲਾ: 15 ਦਿਨਾਂ ਤੱਕ ਇਕ ਪਟਵਾਰਖ਼ਾਨੇ ਤੇ 15 ਦਿਨ ਦੂਜੇ ’ਚ ਕੰਮ ਕਰਨਗੇ ਪਟਵਾਰੀ
Saturday, Jun 25, 2022 - 06:34 PM (IST)
ਲੁਧਿਆਣਾ (ਜ.ਬ.): ਪੰਜਾਬ ਪਟਵਾਰ ਯੂਨੀਅਨ ਵਲੋਂ ਇਕ ਤੋਂ ਵੱਧ ਸਰਕਲਾਂ ’ਚ ਕੰਮ ਕਰਨ ਤੋਂ ਸਾਫ਼ ਇਨਕਾਰ ਕਰਨਾ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਡੀ. ਸੀ. ਸੁਰਭੀ ਮਲਿਕ ਨੇ ਇਸ ਪ੍ਰੇਸ਼ਾਨੀ ਦਾ ਹੱਲ ਕੱਢਣ ਦਾ ਯਤਨ ਕਰਦਿਆਂ ਸ਼ਹਿਰੀ ਪਟਵਾਰਖ਼ਾਨਿਆਂ ਨੂੰ ਖ਼ਾਲੀ ਛੱਡ ਕੇ ਸਾਰੇ ਪਟਵਾਰੀਆਂ ਨੂੰ ਦਿਹਾਤੀ ਏਰੀਆ ’ਚ ਪੋਸਟ ਕਰ ਕੇ ਸ਼ਹਿਰੀ ਏਰੀਆ ਦਾ ਫ਼ਾਲਤੂ ਚਾਰਜ ਦਿੱਤਾ ਸੀ ਪਰ ਉਕਤ ਫ਼ਾਰਮੂਲਾ ਬੁਰੀ ਤਰ੍ਹਾਂ ਫ਼ੇਲ ਹੋਣ ’ਤੇ ਹੁਣ ਇਕ ਵਾਰ ਡੀ.ਸੀ. ਨੇ ਸਾਰੇ ਸਰਕਲਾਂ ਦਾ ਕੰਮ ਚਲਾਉਣ ਦਾ ਯਤਨ ਕਰਦਿਆਂ ਇਕ-ਇਕ ਪਟਵਾਰੀ ਨੂੰ ਦੋ ਸਰਕਲਾਂ ’ਤੇ 15-15 ਦਿਨ ਕੰਮ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਵਾਈਟ ਸ਼ਾਰਟ ਡਰੈੱਸ ’ਚ ਸ਼ੇਫ਼ਾਲੀ ਜਰੀਵਾਲਾ ਨੇ ਦਿਖਾਏ ਹੁਸਨ ਦੇ ਜਲਵੇ, ਦੇਖੋ ਤਸਵੀਰਾਂ
ਤਾਜ਼ਾ ਲਿਸਟ ’ਚ ਡੀ. ਸੀ. ਨੇ 64 ਦੇ ਕਰੀਬ ਪਟਵਾਰੀਆਂ ਦੀ ਬਦਲੀ ਲਿਸਟ ਜਾਰੀ ਕੀਤੀ ਹੈ, ਜਿਨ੍ਹਾਂ ’ਚ ਕਈ ਅਜਿਹੇ ਨਾਂ ਹਨ, ਜਿਨ੍ਹਾਂ ਨੂੰ ਪਿਛਲੀ ਲਿਸਟ ’ਚ ਪੱਕੇ ਤੌਰ ’ਤੇ ਦਿਹਾਤੀ ਏਰੀਆ ਦੀ ਪੋਸਟਿੰਗ ਅਤੇ ਨਾਲ ਹੀ ਸ਼ਹਿਰੀ ਸਰਕਲ ਦਿੱਤਾ ਗਿਆ ਸੀ ਪਰ ਪਟਵਾਰੀਆਂ ਵਲੋਂ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਉਹ ਕਿਸੇ ਵੀ ਕੀਮਤ ’ਤੇ ਦੋ ਸਰਕਲਾਂ ਦਾ ਕੰਮ ਨਹੀਂ ਕਰਨਗੇ। ਇੰਨਾ ਹੀ ਨਹੀਂ, ਉਨ੍ਹਾਂ ਦੀ ਯੂਨੀਅਨ ਵਲੋਂ ਬਾਕਾਇਦਾ ਮਤਾ ਪਾਸ ਕਰ ਕੇ ਇਸ ਦੀ ਸੂਚਨਾ ਸਰਕਾਰ ਨੂੰ ਵੀ ਦਿੱਤੀ ਗਈ ਸੀ। ਸ਼ਹਿਰੀ ਸਰਕਲਾਂ ਨੂੰ ਖ਼ਾਲੀ ਛੱਡ ਕੇ ਪਟਵਾਰੀਆਂ ਨੂੰ ਦਿਹਾਤੀ ਏਰੀਆ ਦਾ ਪੱਕਾ ਅਤੇ ਸ਼ਹਿਰੀ ਏਰੀਆ ਦਾ ਫ਼ਾਲਤੂ ਚਾਰਜ ਦੇਣ ਪਿੱਛੇ ਪ੍ਰਸ਼ਾਸਨ ਦੀ ਰਣਨੀਤੀ ਇਹ ਰਹੀ ਸੀ ਕਿ ਸ਼ਹਿਰੀ ਸਰਕਲ ਦਾ ਕੰਮ ਜ਼ਿਆਦਾ ਹੁੰਦਾ ਹੈ, ਇਸ ਲਈ ਪਟਵਾਰੀ ਲਾਲਚ ਵੱਸ ਖ਼ੁਦ ਹੀ ਇਨ੍ਹਾਂ ਸਰਕਲਾਂ ’ਚ ਕੰਮ ਕਰਨ ਲਈ ਮਜਬੂਰ ਹੋ ਜਾਣਗੇ ਪਰ ਪਟਵਾਰੀ ਆਪਣੇ ਫ਼ੈਸਲੇ ’ਤੇ ਅਡਿੱਗ ਰਹਿਣਗੇਂ।
ਸ਼ਹਿਰੀ ਏਰੀਆ ’ਚ ਰਹਿਣ ਵਾਲੀ ਜਨਤਾ ਬੰਦ ਪਟਵਾਰਖ਼ਾਨੇ ਦੇਖ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ ਖੁੱਲ੍ਹ ਕੇ ਬੋਲਣ ਲੱਗੀ। ਇਸੇ ਗੱਲ ਨੂੰ ਦੇਖਦੇ ਹੋਏ ਡੀ.ਸੀ. ਮਲਿਕ ਨੇ ਮੁੜ ਆਪਣੀ ਰਣਨੀਤੀ ਬਦਲਦੇ ਹੋਏ ਹੁਣ ਪਟਵਾਰੀ ਨੂੰ ਇਕ ਸ਼ਹਿਰੀ ਅਤੇ ਇਕ ਦਿਹਾਤੀ ਏਰੀਆ ਦਾ ਸਰਕਲ ਦਿੰਦੇ ਹੋਏ 15-15 ਦਿਨ ਕੰਮ ਕਰਨ ਦੇ ਹੁਕਮ ਦਿੱਤੇ ਹਨ। ਉਧਰ, ਡੀ. ਸੀ. ਦੇ ਇਸ ਫ਼ੈਸਲੇ ਨੂੰ ਯੂਨੀਅਨ ਕਿਸ ਤਰ੍ਹਾਂ ਲੈਂਦੀ ਹੈ। ਇਹ ਅਜੇ ਸਪੱਸ਼ਟ ਨਹੀਂ ਹੋਇਆ ਪਰ ਸ਼ਹਿਰੀ ਸਰਕਲਾਂ ਦਾ 15 ਦਿਨਾਂ ਤੱਕ ਲਗਾਤਾਰ ਬੰਦ ਰਹਿਣਾ ਪ੍ਰਸ਼ਾਸਨ ਲਈ ਯਕੀਨਣ ਪ੍ਰੇਸ਼ਾਨੀ ਪੈਦਾ ਕਰੇਗਾ। ਅਸਲ ’ਚ ਸ਼ਹਿਰੀ ਏਰੀਆ ਨਾਲ ਸਬੰਧਤ ਪਟਵਾਰਖ਼ਾਨਿਆਂ ’ਚ ਹੀ ਜ਼ਿਆਦਾ ਕੰਮ ਹੁੰਦਾ ਹੈ।
ਇਹ ਵੀ ਪੜ੍ਹੋ : ਪਤੀ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਨੇ ਕਿਹਾ- ‘ਰਿਸ਼ਤੇ ਦੂਰੀ ਨਾਲ ਨਹੀਂ ਘੱਟ ਗੱਲਬਾਤ ਨਾਲ ਖ਼ਤਮ ਹੁੰਦੇ ਹਨ’
ਪ੍ਰਾਪਰਟੀ ਦੀ ਖ਼ਰੀਦੋ-ਫ਼ਰੋਖ਼ਤ ਮੁੱਖ ਰੂਪ ’ਚ ਸ਼ਹਿਰੀ ਏਰੀਆ ’ਚ ਹੀ ਹੋ ਰਹੀ ਹੈ। ਦਿਹਾਤੀ ਏਰੀਆ ਦਾ ਜ਼ਿਆਦਾਤਰ ਰਿਕਾਰਡ ਆਨਲਾਈਨ ਹੈ, ਜਦੋਂਕਿ ਸ਼ਹਿਰੀ ਏਰੀਆ ਮੈਨੂਅਲ ਹੈ, ਉੱਪਰੋਂ ਦਿਹਾਤੀ ਏਰੀਆ ’ਚ ਬਣੀਆਂ ਨਾਜਾਇਜ਼ ਕਾਲੋਨੀਆਂ ਦੀਆਂ ਰਜਿਸਟਰੀਆਂ ਐੱਨ.ਓ.ਸੀ. ਨਾ ਹੋਣ ਕਾਰਨ ਪਹਿਲਾਂ ਹੀ ਪੂਰੀ ਤਰ੍ਹਾਂ ਬੰਦ ਹਨ। ਅਜਿਹੇ ’ਚ ਪ੍ਰਸ਼ਾਸਨ ਨੂੰ ਮੁੱਖ ਰੂਪ ਨਾਲ ਸ਼ਹਿਰੀ ਏਰੀਆ ’ਚ ਪਟਵਾਰੀਆਂ ਦੀ ਤਾਇਨਾਤੀ ’ਤੇ ਧਿਆਨ ਦੇਣਾ ਚਾਹੀਦਾ ਸੀ।
ਸ਼ਿਕਾਇਤ ਹੋਣ ’ਤੇ ਬਦਲੇ ਪਟਵਾਰੀ ਨੂੰ ਮੁੜ ਉਸੇ ਜਗ੍ਹਾ ਕੀਤਾ ਤਾਇਨਾਤ
ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਪਟਵਾਰੀ ਨੂੰ ਡੀ.ਸੀ. ਨੇ ਕੁਰੱਪਸ਼ਨ ਦਾ ਦੋਸ਼ ਲੱਗਣ ’ਤੇ ਬਦਲ ਦਿੱਤਾ ਸੀ, ਉਸ ਨੂੰ ਖ਼ੁਦ ਹੀ ਮੁੜ ਨਾ ਸਿਰਫ਼ ਉਸੇ ਸਰਕਲ ’ਚ ਤਾਇਨਾਤ ਕਰ ਦਿੱਤਾ ਹੈ, ਸਗੋਂ ਉਸ ਨੂੰ ਨਾਲ ਹੀ ਇਕ ਹੋਰ ਸ਼ਹਿਰੀ ਸਰਕਲ ਇਨਾਮ ਦੇ ਤੌਰ ’ਤੇ ਦਿੱਤਾ ਹੈ। ਜਿਸ ਸ਼ਖਸ ਨੇ ਇਸ ਪਟਵਾਰੀ ਦੀ ਸ਼ਿਕਾਇਤ ਕੀਤੀ ਸੀ, ਉਹ ਪ੍ਰਸ਼ਾਸਨ ਦੀ ਕਾਰਜਸ਼ੈਲੀ ਤੋਂ ਦੁਖੀ ਹੋ ਕੇ ਮੁੱਖ ਮੰਤਰੀ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ’ਚ ਹੈ।