ਪਟਵਾਰੀ 10,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

Friday, Jan 12, 2024 - 09:33 PM (IST)

ਬਠਿੰਡਾ : ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਪਟਵਾਰੀ ਜਗਜੀਤ ਸਿੰਘ, ਮਾਲ ਹਲਕਾ ਕਲਿਆਣ ਸੁੱਖਾ, ਜਿਲ੍ਹਾ ਬਠਿੰਡਾ ਨੂੰ 10,000 ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਕੁਲਦੀਪ ਸਿੰਘ, ਵਾਸੀ ਪਿੰਡ ਕਲਿਆਣ ਸੁੱਖਾ, ਜਿਲ੍ਹਾ ਬਠਿੰਡਾ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਪਿੰਡ ਕਲਿਆਣ ਸੁੱਖਾ ਵਿਖੇ ਕਰੀਬ 6 ਏਕੜ ਵਾਹੀਯੋਗ ਜਮੀਨ ਸਾਂਝੇ ਖਾਤੇ ਦੀ ਹੈ ਅਤੇ ਉਹ ਆਪਣੇ ਹਿੱਸੇ ਆਉਂਦੀ ਇਸ ਜਮੀਨ ਵਿੱਚੋਂ 2 ਕਨਾਲਾਂ ਜਮੀਨ ਦਾ ਤਬਾਦਲਾ ਦੂਸਰੀ ਧਿਰ ਨਾਲ ਕਰਵਾਉਣਾ ਚਾਹੁੰਦਾ ਸੀ। ਜਿਸ ਸੰਬੰਧੀ ਪਟਵਾਰੀ ਜਗਜੀਤ ਸਿੰਘ ਅਤੇ ਉਸਦੇ ਪ੍ਰਾਈਵੇਟ ਸਹਾਇਕ ਬੇਅੰਤ ਸਿੰਘ ਨੇ ਇਹ ਕੰਮ ਕਰਨ ਬਦਲੇ ਮੁੱਦਈ ਕੁਲਦੀਪ ਸਿੰਘ ਪਾਸੋਂ 12,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਪਰ ਜ਼ੋਰ ਪਾਉਣ ਪਿੱਛੋਂ ਸੌਦਾ 10,000 ਰੁਪਏ ਵਿੱਚ ਹੋ ਗਿਆ। ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕੁੱਝ ਦਿਨ ਪਹਿਲਾਂ ਇਹੀ ਪਟਵਾਰੀ ਇਸੇ ਜਮੀਨ ਤੇ ਬੈਂਕ ਲਿਮਟ ਨੂੰ ਫੱਕ ਕਰਨ ਬਦਲੇ ਉਸ ਕੋਲੋਂ 10,000 ਰੁਪਏ ਰਿਸ਼ਵਤ ਹਾਸਲ ਕਰ ਚੁੱਕਾ ਹੈ। 

ਬੁਲਾਰੇ ਨੇ ਦੱਸਿਆ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਊਰੋ ਯੂਨਿਟ ਬਠਿੰਡਾ ਨੇ ਜਾਲ ਵਿਛਾਇਆ ਤੇ ਪਟਵਾਰੀ ਜਗਜੀਤ ਸਿੰਘ ਨੂੰ ਸ਼ਿਕਾਇਤਕਰਤਾ ਪਾਸੋਂ 10,000 ਰੁਪਏ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਮੌਕੇ ਤੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇਸ ਪਟਵਾਰੀ ਦੇ ਪ੍ਰਾਈਵੇਟ ਸਹਾਇਕ ਬੇਅੰਤ ਸਿੰਘ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਇਸ ਕੇਸ ਵਿੱਚ ਉੱਕਤ ਦੋਵਾਂ ਮੁਲਜਮਾਂ ਖਿਲਾਫ ਥਾਣਾ ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News