ਲੁੱਟ-ਖੋਹ ਕਰਨ ਵਾਲੇ 2 ਦੋਸ਼ੀ ਮੋਟਰ ਸਾਈਕਲ ਸਮੇਤ ਕਾਬੂ, 2 ਫਰਾਰ

Sunday, Nov 24, 2024 - 03:56 AM (IST)

ਲੁੱਟ-ਖੋਹ ਕਰਨ ਵਾਲੇ 2 ਦੋਸ਼ੀ ਮੋਟਰ ਸਾਈਕਲ ਸਮੇਤ ਕਾਬੂ, 2 ਫਰਾਰ

ਮੋਗਾ (ਕਸ਼ਿਸ਼ ਸਿੰਗਲਾ, ਆਜ਼ਾਦ) - ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਦਰ ਪੁਲਸ ਨੇ ਮੋਟਰ ਸਾਈਕਲ ਖੋਹਣ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਖੋਹਿਆ ਹੋਇਆ ਮੋਟਰ ਸਾਈਕਲ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਡੀ. ਐੱਸ. ਪੀ. ਸਿਟੀ ਰਵਿੰਦਰ ਸਿੰਘ ਦੀ ਅਗਵਾਈ ’ਚ ਜਦੋਂ ਥਾਣਾ ਸਦਰ ਮੋਗਾ ਦੇ ਮੁੱਖ ਅਫਸਰ ਗੁਰਸੇਵਕ ਸਿੰਘ ਤੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਸਾਗਰ ਨਿਵਾਸੀ ਸੇਖਾਂ ਵਾਲਾ ਚੌਕ ਮੋਗਾ ਤੇ ਵਿਸ਼ਾਲ ਸਿੰਘ ਨਿਵਾਸੀ ਬਹੋਨਾ ਚੌਕ ਮੋਗਾ ਨੂੰ ਖੋਹੇ ਹੋਏ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ।

ਥਾਣਾ ਮੁਖੀ ਗੁਰਸੇਵਕ ਸਿੰਘ ਨੇ ਕਿਹਾ ਕਿ ਬੀਤੀ 18 ਨਵੰਬਰ ਨੂੰ ਅਰਸ਼ਦੀਪ ਸਿੰਘ ਨਿਵਾਸੀ ਪਿੰਡ ਘੱਲ ਕਲਾਂ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਕਿਹਾ ਸੀ ਕਿ ਜਦੋਂ ਰਾਤ 10 ਵਜੇ ਆ ਰਿਹਾ ਸੀ ਤਾਂ ਆਈ. ਐੱਸ. ਐੱਫ. ਕਾਲਜ ਦੇ ਕੋਲ 4 ਅਣਪਛਾਤੇ ਨੌਜਵਾਨ ਉਸ ਦਾ ਮੋਟਰ ਸਾਈਕਲ ਖੋਹ ਕੇ ਲੈ ਗਏ, ਜਿਸ ’ਤੇ ਪੁਲਸ ਨੇ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਤੋਂ ਇਲਾਵਾ ਵਿਗਿਆਨਿਕ ਢੰਗ ਨਾਲ ਕੀਤੀ ਗਈ ਜਾਂਚ ਬਾਅਦ ਉਨ੍ਹਾਂ ਨੂੰ ਕਾਬੂ ਕੀਤਾ। ਉਕਤ ਮਾਮਲੇ ’ਚ 2 ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਥਿਤ ਮੁਲਜ਼ਮਾਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।


author

Inder Prajapati

Content Editor

Related News